ਖਜਾਨਾ ਮੰਤਰੀ ਹਰਪਾਲ ਚੀਮਾ ਨੇ ਘੇਰੇ ਵਿਰੋਧੀ; ਸੱਤਾ ਹਥਿਆਰਉਣ ਲਈ ਇਕਜੁਟ ਹੋਣ ਦੇ ਇਲਜ਼ਾਮ; ਕਿਹਾ, ਪੰਜਾਬ ਨੂੰ ਲੁਟਣਾ ਚਾਹੁੰਦੇ ਨੇ ਲੁਟੇਰਾ ਪਰਿਵਾਰ

0
13

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ’ਤੇ ਸ਼ਬਦੀ ਹਮਲਾ ਬੋਲਿਆ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਰਿਵਾਰਾਂ ਨੇ ਪੰਜਾਬ ਦੀ ਦੋਵੇਂ ਹੱਥੀ ਲੁੱਟ ਕੀਤੀ ਸੀ ਅਤੇ ਹੁਣ ਮੁੜ ਸੱਤਾ ਪ੍ਰਾਪਤੀ ਲਈ ਇਕ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੋਵੇਂ ਪਰਿਵਾਰਾਂ ਦੇ ਮੈਂਬਰਾਂ ਖਿਲਾਫ ਚੱਲੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ  ਨੇ ਇਕ ਦੂਜੇ ਨੂੰ ਬਚਾਉਣ ਖਾਤਰ ਪੰਜਾਬੀਆਂ ਨਾਲ ਧੋਖਾ ਦਿੱਤਾ ਸੀ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਮਨਰਜੀਤ ਮਾਨ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਹੋਣ ਦੀਆਂ ਗੱਲਾਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਸੱਤਾ ਪ੍ਰਾਪਤੀ ਲਈ ਜਿੰਨੇ ਮਰਜੀ ਗੱਠਜੋੜ ਕਰ ਲੈਣ ਪਰ ਪੰਜਾਬ ਵਾਸੀ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਦਲ ਬਦਲਣ ਦੇ ਮਾਹਿਰ ਹਨ ਅਤੇ ਪੰਜਾਬ ਦੀ ਧਾਰਮਿਕ ਆਜ਼ਾਦੀ ‘ਤੇ ਉਹਨਾਂ ਨੇ ਹਮੇਸ਼ਾ ਹੀ ਹਮਲਾ ਕੀਤਾ ਹੈ। ਚੀਮਾ ਦਾ ਵੱਡਾ ਦੋਸ਼ ਇਹ ਸੀ ਕਿ ਕਾਂਗਰਸ ਵਿੱਚ ਰਹਿੰਦੇ ਹੋਏ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣੀ ਸਾਂਝ ਬਣਾਈ ਰੱਖੀ ਅਤੇ ਇੱਕ ਏਜੰਟ ਦੇ ਤੌਰ ਤੇ ਬੀਜੇਪੀ ਦੇ ਲਈ ਕੰਮ ਕੀਤਾ।  ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅੰਦਰ ਹੁਣ ਤੱਕ ਸਿਰਫ ਦੋ ਹੀ ਪਾਰਟੀਆਂ ਨੇ ਰਾਜ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ। ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਵੀ ਬਣਾਈ ਸੀ ਪਰ ਉਹ ਬੁਰੀ ਤਰ੍ਹਾਂ ਦੇ ਨਾਲ ਫੇਲ੍ਹ ਹੋਏ, ਇਸ ਵਾਰ ਵੀ ਉਹ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਨੇ ਪਰ ਉਹ ਕਾਮਯਾਬ ਨਹੀਂ ਹੋਣਗੇ।
ਹਰਪਾਲ ਚੀਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ, ਜਦੋਂ ਉਸ ਮਾਫ਼ੀਆਵਾਦ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਸ ਸਮੇਂ ਸਾਰੇ ਇੱਕੋ ਥਾਂ ‘ਤੇ ਇਕੱਠੇ ਹੋਣਾ ਚਾਹੁੰਦੇ ਹਨ। ਇਹ ਗੱਲ ਵੀ ਪੰਜਾਬੀਆਂ ਸਾਹਮਣੇ ਆ ਗਈ ਹੈ ਕਿ ਕੈਪਟਨ ਸਾਹਿਬ ਵੀ ਅਕਾਲੀ ਦਲ ਨਾਲ ਰਲੇ ਹੋਏ ਹਨ।  ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੀ ਕੀਤੇ ਹਨ, ਜਿਸ ਕਾਰਨ ਇਹ ਸਾਰੇ ਲੋਕ ਅੱਜ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕੈਪਟਨ ਸਾਹਿਬ ਜਾਂ ਸੁਖਬੀਰ ਬਾਦਲ ਜਿੰਨੇ ਮਰਜ਼ੀ ਬਿਆਨ ਦੇ ਦੇਣ, ਇਹ ਸਾਰੇ ਬਿਆਨ ਦਿਖਾਉਂਦੇ ਹਨ ਕਿ ਇਹ ਸਾਰੇ ਉਹ ਲੋਕ ਹਨ, ਜਿਨ੍ਹਾਂ ਦੇ ਰਾਜ ਸਮੇਂ ਸਾਡੇ ਗੁਰੂਆਂ ਦੀ ਬੇਅਦਬੀ ਹੋਈ, ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਅਤੇ ਕਾਲੇ ਕਾਨੂੰਨ ਬਣੇ। ਇਸ ਲਈ ਇਹ ਜੋ ਮਰਜ਼ੀ ਕਰ ਲੈਣ ਪਰ ਆਉਣ ਵਾਲੇ 20-25 ਸਾਲ ਇਨ੍ਹਾਂ ਦੀ ਦਾਲ ਨਹੀਂ ਗਲਣੀ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੀਆਂ ਲੁੱਬੜਚਾਲਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਨੇ, ਇਸ ਲਈ ਇਨ੍ਹਾਂ ਦਾ ਕੋਈ ਵੀ ਹੱਥਕੰਡਾ ਕੰਮ ਨਹੀਂ ਆਵੇਗਾ।

LEAVE A REPLY

Please enter your comment!
Please enter your name here