
ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨੇ ਥਾਣਾ ਸਿਟੀ ਨੇੜੇ ਹੋਏ ਧਮਾਕੇ ਲਈ ਪੁਲਿਸ ਪ੍ਰਸਾਸਨ ਨੂੰ ਘੇਰਿਆ ਐ। ਵਿਧਾਇਕ ਨੇ ਪੁਲਿਸ ਤੋਂ ਧਮਾਕੇ ਨੂੰ ਗਰਨੇਡ ਹਮਲਾ ਨਾ ਮੰਨਣ ਸਬੰਧੀ ਸਵਾਲ ਪੁੱਛੇ ਨੇ। ਵਿਧਾਇਕ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਪੁਲਿਸ ਹਮਲੇ ਨੂੰ ਗਰਨੇਡ ਹਮਲਾ ਮੰਨਣ ਤੋਂ ਇਨਕਾਰੀ ਕਿਉਂ ਐ। ਵਿਧਾਇਕ ਸਿਵਲ ਹਸਪਤਾਲ ਵਿਚ ਜ਼ਖਮੀ ਸਪਨਾ ਸ਼ਰਮਾ ਦਾ ਹਾਲ ਜਾਣਨ ਲਈ ਆਏ ਸਨ। ਵਿਧਾਇਕ ਨੇ ਪੁਲਿਸ ਤੋਂ ਮਾਮਲੇ ਬਾਰੇ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ ਐ।
ਵਿਧਾਇਕ ਪਾਹੜਾ ਨੇ ਸਰਕਾਰੀ ਹਸਪਤਾਲ ਵਿੱਚ ਪ੍ਰਬੰਧਾਂ ਨੂੰ ਲੈ ਕੇ ਵੀ ਹਸਪਤਾਲ ਪ੍ਰਬੰਧਨ ਨੂੰ ਆੜੇ ਹੱਥੀ ਲਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਪਨਾ ਸ਼ਰਮਾ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪਨਾ ਸ਼ਰਮਾ ਦੇ ਮੈਡੀਕਲ ਤੋਂ ਬਾਅਦ ਪੁਲਿਸ ਨੂੰ ਆਖਰ ਮੰਨਨਾ ਹੀ ਪਵੇਗਾ ਕਿ ਇਹ ਗਰਨੇਡ ਹਮਲਾ ਸੀ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਅਜੇ ਵੀ ਗਰਨੇਡ ਦੇ ਕਣ ਮੌਜੂਦ ਹਨ।
ਉਹਨਾਂ ਕਿਹਾ ਕਿ ਪਹਿਲਾਂ ਵੀ ਸਪਨਾ ਸ਼ਰਮਾ ਦੇ ਸਰੀਰ ਵਿੱਚੋਂ ਉਸ ਗਰਨੇਡ ਦੇ ਹਿੱਸੇ ਨਿਕਲ ਚੁੱਕੇ ਹਨ ਜਿਹੜਾ ਨੀਲੇ ਰੰਗ ਦਾ ਗਰਨੇਡ ਹਮਲੇ ਦੀ ਜ਼ਿਮੇਵਾਰੀ ਲੈਣ ਵਾਲੇ ਸੰਗਠਨ ਵੱਲੋਂ ਆਪਣੀ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਸੀ ਅਤੇ ਉਹਨਾਂ ਵੱਲੋਂ ਹੋਰ ਵੀ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਹੈ।

