
ਗੁਰਦਾਸਪੁਰ ਪੁਲਿਸ ਨੇ ਪਿੰਡ ਭਾਗੋਕਾਵਾਂ ਵਿਖੇ ਐਨਆਰਆਈ ਦੇ ਘਰ ਵਿਚ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਨਾਬਾਲਿਗ ਮੁਲਜਮ ਨੂੰ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਕਾਬੂ ਕਰ ਲਿਆ ਐ। ਚੋਰ ਨੇ ਕੈਮਰੇ ਮੂਹਰੇ ਆਪਣਾ ਗੁਨਾਹ ਕਬੂਲਦਿਆਂ ਆਪਣੇ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਘਰ ਦੀ ਮਾਲਕਣ ਸੋਨੀਆ ਪਤਨੀ ਮੋਹਨ ਲਾਲ ਨੇ ਦੱਸਿਆ ਕਿ ਉਹ ਗੁਰਦਾਸਪੁਰ ਕਿਸੇ ਪ੍ਰੋਗਰਾਮ ਉਤੇ ਗਏ ਹੋਏ ਸਨ ਤਾਂ ਪਿੱਛੋਂ ਇਸ ਚੋਰ ਨੇ ਘਰਾਂ ਦੀਆਂ ਕੰਧਾਂ ਟੱਪ ਕੇ ਘਰ ਦੀ ਗਰਿਲ ਤੋੜ ਕੇ ਖਿੜਕੀ ਰਸਤੇ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚੋਂ 12000 ਰੁਪਏ ਲੈ ਕੇ ਛੱਤ ਦੇ ਰਸਤੇ ਫਰਾਰ ਹੋ ਗਿਆ। ਇਸ ਨੇ ਪਹਿਲਾਂ ਵੀ ਸਾਡੇ ਘਰ ਵਿੱਚੋਂ 6000 ਰੁਪਏ ਦੀ ਚੋਰੀ ਕੀਤੀ ਸੀ ਜਿਸ ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪਛਾਣ ਲਿਆ ਐ।
ਪਿੰਡ ਦੇ ਸਰਪੰਚ ਸੋਭਾ ਸਿੰਘ ਦੇ ਦੱਸਣ ਮੁਤਾਬਕ ਅਸੀਂ ਪੰਚਾਇਤ ਵੱਲੋਂ ਗਲੀਆਂ ਵਿਚ ਲਗਾਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਚੋਰ ਦੀ ਪਛਾਣ ਹੋ ਗਈ ਜੋ ਪਿੰਡ ਦਾ ਹੀ ਵਾਸੀ ਐ। ਇਹ ਚੋਰ ਖੁਦ ਨਾਬਾਲਿਗ ਐ ਅਤੇ ਇਸ ਵੱਲੋਂ ਜਿਹੜੇ ਲੋਕਾਂ ਦਾ ਨਾਮ ਲਿਆ ਗਿਆ ਐ, ਉਨ੍ਹਾਂ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ। ਮੌਕੇ ਤੇ ਪਹੁੰਚੇ ਏਐਸਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਚੋਰ ਨੂੰ ਅਸੀਂ ਮੌਕੇ ਤੋਂ ਫੜਿਆ ਹੈ ਅਤੇ ਹੁਣ ਅਸੀਂ ਇਸ ਨੂੰ ਥਾਣੇ ਲੈ ਕੇ ਚੱਲੇ ਹਾਂ ਅਤੇ ਥਾਣੇ ਜਾ ਕੇ ਅਗਲੀ ਕਾਰਵਾਈ ਕਰਾਂਗੇ।

