
ਸਮਰਾਲਾ ਨੇੜਲੇ ਪਿੰਡ ਸ਼ਮਸ਼ਪੁਰ ਵਿਖੇ ਇਕ ਸਖਸ ਨਾਲ ਦਾੜੀ-ਕੇਸ ਕੱਟ ਕੇ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਦੇ ਦੱਸਣ ਮੁਤਾਬਕ ਉਸਨੂੰ ਅਗਵਾ ਕਰ ਕੇ ਮੂੰਹ ਕਾਲਾ ਕਰ ਕੇ ਤੇ ਗਲ ਛਿੱਤਰਾਂ ਦਾ ਹਾਰ ਪਾ ਕੇ ਕੁੱਟਮਾਰ ਕੀਤੀ ਗਈ ਐ। ਪੀੜਤ ਨੇ ਖੁਦ ਨੂੰ ਅੰਮ੍ਰਿਤਧਾਰੀ ਦਸਦਿਆਂ ਇਨਸਾਫ ਮੰਗਿਆ ਐ ਜਦਕਿ ਪੁਲਿਸ ਨੇ ਪੀੜਤ ਦੇ ਅੰਮ੍ਰਿਤਧਾਰੀ ਹੋਣ ਤੋਂ ਇਨਕਾਰ ਕੀਤਾ ਐ। ਕੁੱਟਮਾਰ ਦੀ ਵਜ੍ਹਾ ਇਕ ਵਿਆਹੁਤਾ ਨੂੰ ਕਥਿਤ ਤੌਰ ਤੇ ਭਜਾਉਣ ਦਾ ਦੱਸਿਆ ਜਾ ਰਿਹਾ ਐ। ਪੁਲਿਸ ਨੇ ਸਥਾਨਕ ਹਸਪਤਾਲ ਵਿਚ ਦਾਖਲ ਪੀੜਤ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਤ ਦੀ ਮਾਤਾ ਦੇ ਦੱਸਣ ਮੁਤਾਬਕ ਇਸ ਪਿੰਡ ਦੀ ਇੱਕ ਤਿੰਨ ਬੱਚਿਆਂ ਦੀ ਮਾਂ ਕੁੜੀ ਆਪਣੇ ਸਹੁਰੇ ਘਰੋਂ ਤੋਂ ਰੁੱਸ ਕੇ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਹ ਕਥਿਤ ਤੌਰ ‘ਤੇ ਅਕਸਰ ਉਸ ਦੇ ਪੁੱਤਰ ਨੂੰ ਰੋਟੀ ਦੇ ਕੇ ਜਾਂਦੀ ਸੀ ਜਿਸ ਬਾਰੇ ਉਸ ਨੇ ਪਿੰਡ ਦੇ ਸਰਪੰਚ ਨੂੰ ਵੀ ਸੂਚਿਤ ਕੀਤਾ ਸੀ। ਮਾਤਾ ਨੇ ਕਥਿਤ ਦੋਸ਼ ਲਾਇਆ ਕਿ ਉਕਤ ਕੁੜੀ ਨੇ ਕਥਿਤ ਤੌਰ ‘ ਤੇ ਉਸ ਦੇ ਪੁੱਤਰ ਸੱਦ ਲਿਆ ਅਤੇ ਫਿਰ ਦੋਵੇਂ ਕਿਤੇ ਚਲੇ ਗਏ। ਮਾਂ ਦਾ ਇਲਜਾਮ ਐ ਕਿ ਲੜਕੀ ਦਾ ਪਰਿਵਾਰ ਦੋਵਾਂ ਨੂੰ ਕਿਤੋਂ ਲੱਭ ਲਿਆਇਆ ਅਤੇ ਫਿਰ ਕਥਿਤ ਤੌਰ ਤੇ ਉਸ ਦੇ ਪੁੱਤਰ ਉਟਾਲਾ ਪਿੰਡ ਲਿਜਾ ਕੇ ਸਾਰੀ ਰਾਤ ਕੁੱਟਮਾਰ ਕੀਤੀ ਗਈ।
ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅੰਮ੍ਰਿਤਧਾਰੀ ਐ ਪਰ ਉਨ੍ਹਾਂ ਨੇ ਉਸ ਦੇ ਦਾੜੀ ਅਤੇ ਕੇਸ ਕੱਟ ਕੇ ਤੇ ਉਸ ਦਾ ਮੂੰਹ ਕਾਲਾ ਕਰ ਕੇ ਉਸ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕਿ ਪਿੰਡ ‘ਚ ਇੱਕ ਨਿੰਮੰ ਦੇ ਦਰਖਤ ਹੇਠਾਂ ਖੜਾ ਕੀਤਾ ਹੋਇਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਪੀੜਤ ਨੇ ਆਪਣੇ ਬਿਆਨਾਂ ਵਿਚ ਪਿੰਡ ਦੇ ਪੰਜ ਵਿਅਕਤੀਆਂ ਤੇ ਘਰ ਅੰਦਰ ਬੰਦੀ ਬਣਾ ਕੇ ਕੁੱਟਮਾਰ ਕਰਨ ਦੇ ਇਲਜਾਮ ਲਾਏ ਨੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਉਹਨਾਂ ਦੱਸਿਆ ਕਿ ਇਸੇ ਪਿੰਡ ਦੀ ਇੱਕ ਔਰਤ ਨੇ ਇਸ ਵਿਅਕਤੀ ਤੇ ਉਸ ਨੂੰ ਜ਼ਬਰਦਸਤੀ ਆਨੰਦਪੁਰ ਸਾਹਿਬ ਲੈ ਕੇ ਜਾਣ ਦੀ ਸ਼ਿਕਾਇਤ ਦਿੱਤੀ ਐ। ਹਸਪਤਾਲ ਵਿਚ ਦਾਖਲ ਵਿਅਕਤੀ ਦੀ ਉਮਰ 40 ਸਾਲ ਜਦਕਿ ਮਹਿਲਾ ਦੀ ਉਮਰ 37 ਸਾਲ ਦੱਸੀ ਜਾ ਰਹੀ ਐ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਅਧਿਕਾਰੀ ਨੇ ਜਾਂਚ ਤੋਂ ਬਾਅਦ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਗੱਲ ਕਹੀ ਐ।

