
ਅੰਮ੍ਰਿਤਸਰ ਪੁਲਿਸ ਨੇ ਰੈਡੀਮੇਡ ਕਪੜਿਆਂ ਦੇ ਸ਼ੋਅਰੂਮ ਦੀ ਲੁੱਟ ਮਾਮਲੇ ਵਿਚ ਚਾਰ ਮੁਲਜਮਾਂ ਨੂੰ ਕਾਬੂ ਕੀਤਾ ਐ। ਪੁਲਸ ਨੇ ਮੁਲਜਮਾਂ ਦੇ ਕਬਜ਼ੇ ਵਿੱਚੋਂ ਚਾਰ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸੂਹ ਤੇ ਪੁਲਿਸ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਥਾਣਾ ਵੇਰਕਾ ਦੇ ਖੇਤਰ ਅਧੀਨ ਵੇਰਕਾ ਬਾਈਪਾਸ ਗਈ, ਜਿੱਥੇ ਇਕ ਮੁਲਜ਼ਮ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਕਨਿਸ਼ ਵਾਸੀ ਯਾਸੀਨ ਰੋਡ ਨਾਮ ਦੇ ਮੁਲਜਮ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਦੀ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਗੈਂਗਸਟਰ, ਆਰਗਨਾਈਜ਼ਡ ਕ੍ਰਾਈਮ ਅਤੇ ਸੈਂਸੇਸ਼ਨਲ ਵਾਰਦਾਤਾਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਹੱਲ ਕੀਤਾ ਜਾ ਰਿਹਾ ਹੈ। ਕਮਿਸ਼ਨਰ ਭੁੱਲਰ ਮੁਤਾਬਕ ਕੁਝ ਦਿਨ ਪਹਿਲਾਂ ਬੀ-ਡਿਵੀਜ਼ਨ ਇਲਾਕੇ ਵਿੱਚ ਇੱਕ ਰੈਡੀਮੇਡ ਗਾਰਮੈਂਟ ਦੀ ਦੁਕਾਨ ‘ਤੇ ਰੋਬਰੀ ਹੋਈ ਸੀ, ਜਿਸ ਵਿੱਚ ਆਰੋਪੀਆਂ ਨੇ ਫਾਇਰਿੰਗ ਕਰਕੇ ਢਾਈ ਲੱਖ ਰੁਪਏ ਅਤੇ ਸੋਨੇ ਦਾ ਬ੍ਰੈਸਲੇਟ ਲੁੱਟਿਆ ਸੀ। ਤਕਨੀਕੀ ਤਰੀਕੇ ਨਾਲ ਤਫ਼ਤੀਸ਼ ਕਰਦੇ ਹੋਏ ਪੁਲਿਸ ਨੇ ਸਭ ਤੋਂ ਪਹਿਲਾਂ ਆਰੋਪੀ ਬਲਜੀਤ ਉਰਫ਼ ਬੂਲੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਖਿਲਾਫ ਮਰਡਰ, ਐਨਡੀਪੀਐਸ ਅਤੇ ਸਨੈਚਿੰਗ ਸਮੇਤ 8 ਗੰਭੀਰ ਮੁਕਦਮੇ ਦਰਜ ਹਨ। ਉਸ ਤੋਂ ਪੁੱਛਗਿੱਛ ਦੌਰਾਨ ਹੋਰ ਸਾਥੀਆਂ ਦੇ ਨਾਂਉ ਸਾਹਮਣੇ ਆਏ।
ਐਸਐਚਓ ਬਲਜਿੰਦਰ ਸਿੰਘ ਜਦੋਂ ਦੂਜੇ ਆਰੋਪੀ ਕਾਨਿਸ਼ ਨੂੰ ਗ੍ਰਿਫਤਾਰ ਕਰਨ ਪਹੁੰਚੇ ਤਾਂ ਉਸ ਨੇ ਪੁਲਿਸ ‘ਤੇ ਫਾਇਰ ਕੀਤਾ। ਪੁਲਿਸ ਨੇ ਪਹਿਲਾਂ ਹਵਾਈ ਗੋਲੀ ਚਲਾਕੇ ਚੇਤਾਵਨੀ ਦਿੱਤੀ, ਪਰ ਨਾ ਰੁਕਣ ‘ਤੇ ਵਾਪਸੀ ਫਾਇਰਿੰਗ ਦੇ ਦੌਰਾਨ ਕਾਨਿਸ਼ ਜ਼ਖਮੀ ਹੋ ਗਿਆ। ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕਰਨੀਆ ਸੂਰਜ ਅਤੇ ਵਰੁਣ ਭਾਟੀਆ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਇਸ ਗਿਰੋਹ ਤੋਂ ਚਾਰ ਸੈਫਿਸਟੀਕੇਟਡ ਪਿਸਟਲ, ਜਿਨ੍ਹਾਂ ਵਿੱਚੋਂ ਇੱਕ ਗਲੋਕ, ਦੋ ਚਾਈਨੀਜ਼ 30 ਬੋਰ ਅਤੇ ਇੱਕ ਨਾਨ-ਐਮ ਪਿਸਟਲ ਸ਼ਾਮਲ ਹਨ, ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਉੱਚ ਗੁਣਵੱਤਾ ਦੀ ਬੁਲਟ-ਪਰੂਫ ਜੈਕਟ ਵੀ ਮਿਲੀ ਹੈ, ਜੋ ਗਿਰੋਹ ਨੇ ਗੈਂਗ ਲੀਡਰ ਕਿਸ਼ਨ ਰਾਹੀਂ ਪ੍ਰਾਪਤ ਕੀਤੀ ਸੀ। ਇਹ ਪਹਿਲਾ ਮਾਮਲਾ ਹੈ ਜਦੋਂ ਇਸ ਤਰ੍ਹਾਂ ਦੇ ਆਮ ਗੈਂਗਸਟਰਾਂ ਕੋਲ ਬੁਲਟ-ਪਰੂਫ ਜੈਕਟ ਮਿਲੀ ਹੋਵੇ।ਕਮਿਸ਼ਨਰ ਨੇ ਦੱਸਿਆ ਕਿ ਇਹ ਗਿਰੋਹ ਨਾ ਸਿਰਫ਼ ਰੋਬਰੀ, ਸਨੈਚਿੰਗ ਅਤੇ ਐਕਟੀਵਾ ਲੁੱਟ ਮਾਮਲਿਆਂ ਵਿੱਚ ਲਿਪਤ ਸੀ, ਬਲਕਿ ਕੌਂਸਲਰ ਦੇ ਮਰਡਰ ਕੇਸ (FIR 95) ਵਿੱਚ ਵੀ ਬਲਜੀਤ ਅਤੇ ਸੂਰਜ ਦੀ ਭੂਮਿਕਾ ਸਾਹਮਣੇ ਆਈ ਹੈ। ਗੈਂਗਸਟਰ ਕਿਸ਼ਨ, ਜੋ ਹੁਣ ਭੱਜਾ ਫਿਰ ਰਿਹਾ ਹੈ, ਇਸ ਗੈਂਗ ਦੀਆਂ ਕਈ ਵਾਰਦਾਤਾਂ ਦਾ ਮਾਸਟਰਮਾਈਂਡ ਰਿਹਾ ਹੈ।

