ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ; ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਤੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਐਲਾਨਿਆ ਪਵਿੱਤਰ

0
20

ਸ੍ਰੀ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਗਿਆ ਐ। ਭਾਈ ਜੈਤਾ ਜੀ ਯਾਦਗਾਰੀ ਪਾਰਕ ’ਚ ਵਾਟਰ ਪਰੂਫ ਟੈਂਟ ਵਿਚ ਸ਼ੁਰੂ ਹੋਇਆ ਇਹ ਸ਼ੈਸ਼ਨ ਆਪਣੇ ਆਪ ਵਿਚ ਵਿਲੱਖਣ ਪਹਿਲ ਐ, ਕਿਉਂਕਿ 63 ਵਰ੍ਹਿਆਂ ਮਗਰੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸਦਨ ਚ ਅੰਮ੍ਰਿਤਸਰ ਦੇ ਗਲਿਆਰਾ ਏਰੀਆ, ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਸਦਨ ਵੱਲੋ ਤਿੰਨੋ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਪਵਿੱਤਰ ਸ਼ਹਿਰਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬਜਟ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਈ ਜੈਤਾ ਸਿੰਘ ਯਾਦਗਾਰੀ ਪਾਰਕ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਮਨੋਨੀਤ ਕੀਤਾ ਸੀ। ਇਸ ਆਰਜ਼ੀ ਵਿਧਾਨ ਸਭਾ ਲਈ ਕਰੀਬ 500 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਆਨੰਦਪੁਰ ਸਾਹਿਬ ਦੇ ਟੈਂਟ ਸਿਟੀ ’ਚ ਬਹੁਤੇ ਸਾਰੇ ਵਿਧਾਇਕ ਐਤਵਾਰ ਨੂੰ ਹੀ ਪੁੱਜ ਗਏ ਸਨ।
ਪੰਜਾਬ ਸਰਕਾਰ ਨੇ ਪਵਿੱਤਰ ਸ਼ਹਿਰਾਂ ਨੂੰ ਵਿਸ਼ੇਸ਼ ਬਜਟ ਦੇਣ ਦਾ ਫੈਸਲਾ ਕੀਤਾ ਤੇ ਸਦਨ ਵੱਲੋ ਤਿੰਨੋਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਰੌਲਾ ਰੱਪਾ ਪਾਉਣ ਵਾਲਾ ਨਹੀਂ ਬਲਕਿ ਮੁਕੱਦਸ ਦਿਨ ਹੈ। ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਕੇ ਗੁਰੂ ਦੇ ਚਰਨਾਂ ਵਿਚ ਸਿੱਜਦਾ ਕਰਨ ਲਈ ਆਈ ਹੈ। ਮੁੱਖ ਮੰਤਰੀ ਮਾਨ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਜਲਾਸ ਵਿੱਚ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਸ਼੍ਰੀ ਗੁਰੂ ਤੇਗ ਬਾਹਦਰ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ। ਮੁੱਖ ਮੰਤਰੀ ਵੱਲੋਂ ਸਦਨ ਵਿਚ ਵਿਰੋਧੀ ਧਿਰ ਦਾ ਧੰਨਵਾਦ। ਇਹ ਦਿਨ ਇਹ ਸ਼ਤਾਬਦੀਆਂ ਰਾਜਨੀਤੀ ਤੋਂ ਉਪਰ ਉੱਠਣ ਦਾ ਦਿਨ। ਗੁਰੂ ਸਾਹਿਬ ਦੀ ਕੁਰਬਾਨੀ ਕਾਇਨਾਤ ਦੀ ਕੁਰਬਾਨੀ ਹੈ। ਸੁਖੀ ਸਾਂਦੀ ਸਾਰਾ ਕਾਰਜ ਸਿਰੇ ਚੜ੍ਹਨ ਦੀ ਅਰਦਾਸ ਕਰਦੇ ਹਾਂ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਨੰਦਪੁਰ ਮਤੇ ਦੀ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਹਨ । ਸਦਨ ਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਨਹੀਂ ਦਿੱਤਾ ਗਿਆ ਜਿਸ ਦਾ ਵਿਰੋਧ ਖਹਿਰਾ ਨੇ ਸਦਨ ਵਿਚ ਕੀਤਾ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਸਦਨ ਵਿਚ ਮੰਗ ਉਠਾਈ ਕਿ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ।
ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿਚ ਹਮਲੇ ਵੱਧ ਰਹੇ ਹਨ। ਇਸ ਵੇਲੇ ਦੇ ਹਾਕਮ ਧਾੜਵੀ ਬਣ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਕਦੇ ਪੰਜਾਬ ਦੀ ਖੇਤੀ ’ਤੇ ਹਮਲਾ ਤੇ ਕਦੇ ਸਿੱਖਿਆ ’ਤੇ ਹਮਲਾ ਰੋ ਰਿਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਗੱਲ ਰਖਦਿਆਂ ਕਿਹਾ ਕਿ ਅੱਜ ਦੇ ਹੁਕਮਰਾਨ ਵੀ ਮੁਗਲਾਂ ਦੀ ਸੋਚ ਤੇ ਚੱਲ ਰਹੇ ਹਨ ਅਤੇ ਨਿੱਤ ਦਿਨ ਪੰਜਾਬ ਦੇ ਹੱਕਾਂ ਖਿਲਾਫ ਕਦਮ ਚੁੱਕ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਨੂੰ ਸਭ ਮਤਭੇਦਾਂ ਤੋ ਉੱਪਰ ਉਠ ਕੇ ਕੇਂਦਰੀ ਹੁਕਮਰਾਨਾਂ ਖ਼ਿਲਾਫ਼ ਇੱਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਵਾਰ ਵਾਰ ਪੰਜਾਬ ਦੀ ਨਬਜ਼ ਟੋਹ ਰਿਹਾ ਹੈ।
ਸਦਨ ਵਿਚ ਬਸਪਾ ਵਿਧਾਇਕ ਨਛੱਤਰ ਪਾਲ ਨੇ ਰੋਪੜ ਜ਼ਿਲ੍ਹੇ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ।  ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਚਰਚੇ ਚੱਲ ਰਹੇ ਹਨ ਪ੍ਰੰਤੂ ਹੁਸ਼ਿਆਰਪੁਰ, ਬਲਾਚੌਰ ਤੇ ਗੜ੍ਹਸ਼ੰਕਰ ਦੇ ਲੋਕ ਇਸ ਕਦਮ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਥਾਂ ਰੋਪੜ ਦਾ ਨਾਮ ਹੀ ਆਨੰਦਪੁਰ ਸਾਹਿਬ ਰੱਖ ਦਿੱਤਾ ਜਾਵੇ।
ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮਨੀਪੁਰ ਤੇ ਹਰਿਆਣਾ ਦੇ ਨੂਹ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਨਾਲ ਕਿਹਾ ਕਿ ਵਿਸ਼ੇਸ਼ ਇਜਲਾਸ ਦੌਰਾਨ ਸਦਨ ਵਿਚ ਰਾਜਨੀਤੀ ਕਰਨ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਦਾ ਸੰਦੇਸ਼ ਸਹੀ ਸੰਦਰਭ ਵਿੱਚ ਮੰਨੀਏ ਤਾਂ ਪੰਜਾਬ ਦੇ ਭਾਈਚਾਰੇ ਨੂੰ ਕੋਈ ਵੀ ਲਾਂਬੂ ਨਹੀਂ ਲਾ ਸਕਦਾ।

LEAVE A REPLY

Please enter your comment!
Please enter your name here