
ਮਾਛੀਵਾੜਾ ਸਾਹਿਬ ਪੁਲਿਸ ਨੇ ਮਹਿਲਾ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਐ। ਇਹ ਗਰੋਹ ਨਗਰ ਕੀਰਤਨ ਦੌਰਾਨ ਚੋਰੀ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਫਿਰਾਖ ਵਿਚ ਸੀ। ਪੁਲਿਸ ਨੇ ਗਰੋਹ ਦੀਆਂ 12 ਔਰਤਾਂ ਨੂੰ ਕਾਬੂ ਕਰ ਲਿਆ ਐ। ਔਰਤਾਂ ਦੇ ਫੜੇ ਜਾਣ ਕਾਰਨ ਘਟਨਾਵਾਂ ਵਾਪਰਨ ਤੋਂ ਬਚਾਅ ਹੋ ਗਿਆ ਐ। ਪੁਲਿਸ ਨੇ ਇਹ ਕਾਰਵਾਈ ਬੀਤੇ ਦਿਨ ਨਗਰ ਕੀਰਤਨ ਦੌਰਾਨ ਵਾਪਰੀਆਂ ਚੋਰੀ ਦੀਆਂ ਵੱਖ ਵੱਖ ਘਟਨਾਵਾਂ ਤੋਂ ਬਾਅਦ ਕੀਤੀ ਐ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਐ।
ਦੱਸਣਯੋਗ ਐ ਕਿ ਪੁਲਿਸ ਕੋਲ ਨਗਰ ਕੀਰਤਨ ਦੌਰਾਨ ਚੋਰੀ ਹੋਣ ਦੀਆਂ ਸ਼ਿਕਾਇਤਾਂ ਆਈਆਂ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਆੜ੍ਹਤੀ ਤੇਜਵਿੰਦਰ ਸਿੰਘ ਉਰਫ਼ ਡੀ.ਸੀ. ਨੇ ਦੱਸਿਆ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਅਨਾਜ ਮੰਡੀ ਦੇ ਬਾਹਰ ਪੁੱਜਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਹਿਬ ਕੋਲ ਗਿਆ। ਪ੍ਰਸ਼ਾਦਿ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ ਨੂੰ ਹੱਥ ਮਾਰਿਆ ਤਾਂ ਦੇਖਿਆ ਕਿ ਉਸ ’ਚੋਂ ਪਰਸ ਗਾਇਬ ਸੀ।
ਇਸ ਤੋਂ ਇਲਾਵਾ ਨਾਲ ਹੀ ਖੜ੍ਹੇ ਆੜ੍ਹਤੀ ਸ਼ਸ਼ੀ ਭਾਟੀਆ ਨੇ ਦੱਸਿਆ ਕਿ ਉਸਦਾ ਪਰਸ ਵੀ ਚੋਰੀ ਹੋ ਚੁੱਕਾ ਹੈ ਜਿਸ ’ਚ 11 ਹਜ਼ਾਰ ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ ਚੋਰੀ ਹੋ ਚੁੱਕੇ ਸਨ। ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸਦੇ ਖੱਬੇ ਹੱਥ ’ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਹੈ। ਮਾਛੀਵਾੜਾ ਪੁਲਸ ਵਲੋਂ ਇਨ੍ਹਾਂ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ ਕਰ ਤੁਰੰਤ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੀ ਤਲਾਸ਼ ਸ਼ੁਰੂ ਕੀਤੀ ਤਾਂ ਇਸ ਗਰੋਹ ਦਾ ਪਰਦਾਫਾਸ਼ ਹੋ ਗਿਆ।
ਫੜੀਆਂ ਗਈਆਂ ਔਰਤਾਂ ਦੀ ਪਛਾਣ ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ, ਅਮਰਜੀਤ ਕੌਰ ਵਾਸੀ ਪਿੰਡ ਜੌਲੀਆਂ, ਬਿਮਲਾ ਕੌਰ, ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ, ਲਵਪ੍ਰੀਤ ਕੌਰ, ਮੁਖਤਿਆਰੋ ਉਰਫ਼ ਹੁਸ਼ਿਆਰੋ ਉਰਫ਼ ਸੀਤੋ ਵਾਸੀ ਸਮੁੰਦਗੜ੍ਹ ਛੰਨਾ, ਰੇਖਾ ਵਾਸੀ ਪਿੰਡ ਮਾਜੀ, ਕੈਲੋ ਵਾਸੀ ਹੰਢਿਆਇਆ, ਪ੍ਰੀਤੋ ਉਰਫ਼ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ, ਸਰਬੋ ਉਰਫ਼ ਮੋਨੀ ਉਰਫ਼ ਸੋਨੀ ਵਾਸੀ ਬਰਨਾਲਾ, ਕ੍ਰਿਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ, ਜਰਨੈਲ ਕੌਰ ਵਾਸੀ ਬਾਘੜੀਆਂ ਵਜੋਂ ਹੋਈ ਐ।
ਥਾਣਾ ਮੁਖੀ ਹਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਨ੍ਹਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ 12 ਔਰਤਾਂ ਦੇ ਗਿਰੋਹ ’ਚੋਂ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ’ਤੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿਚ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਇਹ ਗਿਰੋਹ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇਨ੍ਹਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ।
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀਆਂ 12 ਔਰਤਾਂ ’ਚੋਂ ਤਿੰਨ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਤਿੰਨ-ਤਿੰਨ ਨਾਮ ਸਾਹਮਣੇ ਆਏ ਹਨ। ਇਹ ਔਰਤਾਂ ਜਦੋਂ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਂਦੀਆਂ ਹਨ। ਇੱਥੋਂ ਤੱਕ ਆਪਣੀਆਂ ਪਤੀਆਂ ਦਾ ਨਾਮ ਵੀ ਬਦਲ ਲੈਂਦੀਆਂ ਹਨ ਤਾਂ ਜੋ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਾ ਮਿਲ ਸਕੇ। ਸਥਾਨਕ ਪੁਲਿਸ ਵਲੋਂ ਜਦੋਂ 12 ਔਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ ਹਨ ਤਾਂ ਬੜਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਇਨ੍ਹਾਂ ਸਾਰੀਆਂ ਔਰਤਾਂ ਦੀ ਪੈਰਵਾਈ ਕਰਨ ਲਈ ਕੋਈ ਵੀ ਪਰਿਵਾਰਕ ਮੈਂਬਰ ਮਾਛੀਵਾੜਾ ਥਾਣਾ ਨਾ ਪੁੱਜਾ। ਪੁਲਿਸ ਵਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਵੀ ਲਿਆਂਦਾ ਗਿਆ। ਇਹ ਔੌਰਤਾਂ ਦਾ ਗਿਰੋਹ ਜਦੋਂ ਘਰ ਨਾ ਪੁੱਜਾ ਤਾਂ ਇਨ੍ਹਾਂ ਦੇ ਪਤੀ ਜਾਂ ਪਰਿਵਾਰਕ ਮੈਂਬਰ ਕੋਈ ਵੀ ਸੂਹ ਲੈਣ ਨਾ ਆਇਆ ਕਿ ਉਹ ਕਿਉਂ ਘਰ ਨਹੀਂ ਆਈਆਂ।

