
ਜਲੰਧਰ ’ਚ ਇਕ ਪਰਿਵਾਰ ਨੇ ਟਰੈਵਲ ਏਜੰਟ ਤੋਂ ਨਾਰਾਜ ਹੋ ਕੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਰੋਡ ਜਾਮ ਹੋਣ ਨਾਲ ਲੰਮਾ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦਾ ਇਲਜਾਮ ਸੀ ਕਿ ਬੱਸ ਅੱਡੇ ਨੇੜੇ ਸਥਿਤ ਜੁਝਾਰ ਇੰਮੀਗ੍ਰੇਸ਼ਨ ਨੇ ਉਨ੍ਹਾਂ ਦੀ ਲੜਕੀ ਨੂੰ ਵਿਦੇਸ਼ ਭੇਜਣ ਬਦਲੇ ਸਾਢੇ 6 ਲੱਖ ਰੁਪਏ ਲਏ ਸੀ ਪਰ ਨਾ ਹੀ ਲੜਕੀ ਨੂੰ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਉਹ ਇਕ ਸਾਲ ਤੋਂ ਏਜੰਟ ਦੇ ਚੱਕਰ ਕੱਟ ਰਹੇ ਨੇ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਰੋਡ ਜਾਮ ਕਰਨਾ ਪਿਆ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਮ ਖੁਲ੍ਹਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਦਾ ਖੁਲਾਸਾ ਕਰਦੇ ਹੋਏ ਸ਼ਿਕਾਇਤਕਰਤਾ ਜਸਪ੍ਰੀਤ ਨੇ ਦੱਸਿਆ ਕਿ ਜੁਝਾਰ ਇਮੀਗ੍ਰੇਸ਼ਨ ਨੇ ਉਨ੍ਹਾਂ ਦੀ ਧੀ ਨੂੰ ਯੂਕੇ ਭੇਜਣ ਲਈ 9 ਲੱਖ ਰੁਪਏ ਦੀ ਮੰਗ ਕੀਤੀ ਸੀ। ਪਰਿਵਾਰ ਨੇ ਏਜੰਟ ਨੂੰ 6.5 ਲੱਖ ਰੁਪਏ ਦਿੱਤੇ ਸੀ ਪਰ ਇੱਕ ਸਾਲ ਬੀਤਣ ਦੇ ਬਾਵਜੂਦ ਨਾ ਤਾਂ ਪੈਸੇ ਵਾਪਸ ਕੀਤੇ ਗਏ ਅਤੇ ਨਾ ਹੀ ਲੜਕੀ ਨੂੰ ਵਿਦੇਸ਼ ਭੇਜਿਆ ਗਿਆ। ਪਰਿਵਾਰ ਦਾ ਕਹਿਣਾ ਐ ਕਿ ਏਜੰਟ ਵੱਲੋਂ ਹੁਣ ਉਨ੍ਹਾਂ ਦੀ ਧੀ ਦਾ ਵੀਜ਼ਾ ਰੱਦ ਹੋਣ ਬਾਰੇ ਦੱਸਿਆ ਜਾ ਰਿਹਾ ਐ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਐ ਪਰ ਕੋਈ ਗੱਲ ਨਹੀਂ ਸੁਣੀ ਗਈ।
ਇਸੇ ਦੌਰਾਨ ਨੇ ਇੰਮੀਗ੍ਰੇਸ਼ਨ ਕੰਪਨੀ ਦੇ ਇਕ ਵਿਅਕਤੀ ਵੱਲੋਂ ਧਮਕੀਆਂ ਦੇਣ ਦੇ ਇਲਜਾਮ ਵੀ ਲਾਏ। ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਮ ਖੁਲਵਾ ਕੇ ਆਵਾਜਾਈ ਚਾਲੂ ਕਰਵਾਈ। ਪੁਲਿਸ ਨੇ ਇਮੀਗਰੇਸ਼ਨ ਕੰਪਨੀ ਨਾਲ ਗੱਲ ਕਰਨ ਦੀ ਗੱਲ ਕਹੀ ਐ। ਦੂਜੇ ਪਾਸੇ, ਪੀੜਤ ਪਰਿਵਾਰ ਨਾਲ ਆਏ ਲੋਕਾਂ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਦਾ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ, ਉਸਦੀ ਮਾਂ ਆਪਣੇ ਪੈਸੇ ਵਾਪਸ ਲੈਣ ਲਈ ਇੱਕ ਸਾਲ ਤੋਂ ਧੱਕੇ ਖਾ ਰਹੀ ਐ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਛੇਤੀ ਹੱਲ ਨਾ ਹੋਇਆ ਤਾਂ ਉਹ ਮੁੜ ਜਾਮ ਲਾ ਕੇ ਪ੍ਰਦਰਸ਼ਨ ਕਰਨਗੇ। ਮੌਕੇ ‘ਤੇ ਪਹੁੰਚੇ ਬੱਸ ਸਟੈਂਡ ਚੌਕੀ ਇੰਚਾਰਜ ਹੀਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ‘ਤੇ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਉਕਤ ਮਾਮਲਾ ਹੁਣ ਅਦਾਲਤ ਵਿੱਚ ਹੈ ਅਤੇ ਪੁਲਿਸ ਇਸ ‘ਤੇ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਯਕੀਨ ਦਿਵਾਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੈ।

