
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨਹੀਂ ਰਹੇ। ਉਨ੍ਹਾਂ ਨੇ ਲੰਬੀ ਬਿਮਾਰੀ ਮਗਰੋਂ ਅੱਜ 89 ਸਾਲਾ ਦੀ ਉਮਰ ਵਿਚ ਆਪਣੇ ਘਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿਸ ਵਿੱਚ ਫਿਲਮ ਜਗਤ ਦੀਆਂ ਅਹਿਮ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਹਿਮ ਹਸਤੀਆਂ ਨੇ ਧਰਮਿੰਦਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਏ। ਦੱਸਣਯੋਗ ਐ ਕਿ ਧਰਮਿੰਦਰ ਨੂੰ ਕੁਝ ਦਿਨ ਪਹਿਲਾਂ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਸਿਹਤ ਵਿਚ ਕੁਝ ਸੁਧਾਰ ਹੋਣ ਤੋਂ ਬਾਅਦ ਪਰਿਵਾਰ ਉਨ੍ਹਾਂ ਨੂੰ ਘਰ ਲੈ ਗਿਆ ਸੀ।
ਧਰਮਿੰਦਰ ਸਿੰਘ ਦਿਓਲ ਦਾ ਜਨਮ 8 ਦਸੰਬਰ 1935 ਨੂੰ ਪੰਜਾਬ (ਉਦੋਂ ਬ੍ਰਿਟਿਸ਼ ਭਾਰਤ) ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਦਿਓਲ ਪਿੰਡ ਦੇ ਸਕੂਲ ਵਿੱਚ ਹੈੱਡਮਾਸਟਰ ਸਨ। ਧਰਮਿੰਦਰ ਦਾ ਬਚਪਨ ਸਾਹਨੇਵਾਲ ਪਿੰਡ ਵਿੱਚ ਬੀਤਿਆ ਅਤੇ ਉਨ੍ਹਾਂ ਨੇ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ 1952 ਵਿੱਚ ਪੂਰੀ ਕੀਤੀ। ਬਚਪਨ ਤੋਂ ਹੀ Dharmendra Deol ਦਾ ਝੁਕਾਅ ਫ਼ਿਲਮਾਂ ਵੱਲ ਸੀ। ਕਿੱਸਾ ਹੈ ਕਿ ਉਹ ਫ਼ਿਲਮਾਂ ਦੇਖਣ ਲਈ ਕਈ ਮੀਲ ਪੈਦਲ ਜਾਂਦੇ ਸਨ। ਸਿਨੇਮਾ ਲਈ ਉਨ੍ਹਾਂ ਦਾ ਇਹ ਜਨੂੰਨ ਉਨ੍ਹਾਂ ਨੂੰ ਮੁੰਬਈ ਲੈ ਗਿਆ।
ਧਰਮਿੰਦਰ ਬਾਲੀਵੁੱਡ ਦੇ ਪਹਿਲੇ ਅਜਿਹੇ ਅਦਾਕਾਰ ਹਨ, ਜੋ ਕਾਫੀ ਸਾਲ ਪਹਿਲਾਂ ਹਿੰਦੀ ਫਿਲਮੀ ਪਰਦੇ ‘ਤੇ ਟੌਪ ਉਤੇ ਰਹੇ। ਧਰਮਿੰਦਰ ਐਕਸ਼ਨ ਫਿਲਮਾਂ ਤੋਂ ਇਲਾਵਾ ਇੱਕ ਸ਼ਾਨਦਾਰ ਕਾਮੇਡੀ ਕਲਾਕਾਰ ਵੀ ਹਨ। ਪੰਜਾਬ ਦੇ ਇਸ ਪੁੱਤਰ ਨੇ ਨਾ ਸਿਰਫ਼ ਹਿੰਦੀ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਬਲਕਿ ਪੰਜਾਬੀ ਫਿਲਮਾਂ ਵਿੱਚ ਵੀ ਅਭਿਨੈ ਕੀਤਾ, ਜਿੰਨ੍ਹਾਂ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਧਰਮਿੰਦਰ ਹਿੰਦੀ ਫਿਲਮਾਂ ਵਿੱਚ ਇੱਕ ਹਿੱਟ ਸਟਾਰ ਹਨ, ਪਰ ਪੰਜਾਬੀ ਅਤੇ ਪੰਜਾਬੀਅਤ ਨੂੰ ਉਨ੍ਹਾਂ ਨੇ ਕਦੇ ਨਹੀਂ ਛੱਡਿਆ। ਸ਼ਾਇਦ ਇਸੇ ਲਈ ਉਨ੍ਹਾਂ ਨੇ ਖੁਦ ਪੰਜਾਬੀ ਫਿਲਮਾਂ ਦਾ ਨਿਰਮਾਣ ਅਤੇ ਅਦਾਕਾਰੀ ਕੀਤੀ। ਉਹ 1970 ਵਿੱਚ ‘ਕਣਕ ਦੇ ਓਹਲੇ’, 1974 ਵਿੱਚ ‘ਦੋ ਸ਼ੇਰ’, ਉਸੇ ਸਾਲ ਇੱਕ ਹੋਰ ਪੰਜਾਬੀ ਫਿਲਮ ‘ਦੁਖ ਭੰਜਨ ਤੇਰਾ ਨਾਮ’, 1975 ਵਿੱਚ ‘ਤੇਰੀ ਮੇਰੀ ਇੱਕ ਜਿੰਦੜੀ’, 1982 ਵਿੱਚ ‘ਪੁੱਤ ਜੱਟਾਂ ਦੇ’ ਅਤੇ 1990 ਵਿੱਚ ‘ਕੁਰਬਾਨੀ ਜੱਟਾਂ ਦੀ’, ‘ਸੰਤੋ ਬੰਤੋ’, ‘ਗਿੱਧਾ’ ਵਿੱਚ ਨਜ਼ਰ ਆਏ। ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਜੱਦੀ ਸ਼ਹਿਰ ਲੁਧਿਆਣਾ ਸਮੇਤ ਪੰਜਾਬ ਭਰ ਅੰਦਰ ਸੋਗ ਦੀ ਲਹਿਰ ਐ।

