
ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਪਿਤਾ ਦਾ ਦੇਹਾਂਤ ਹੋ ਗਿਆ। ਵਿਧਾਇਕ ਦੇ 85 ਸਾਲਾ ਪਿਤਾ ਬਲਵੀਰ ਸਿੰਘ ਗਰੇਵਾਲ ਕਾਫੀ ਸਮੇਂ ਤੋਂ ਬਿਮਾਰ ਸਨ, ਜਿਨ੍ਹਾਂ ਨੇ ਬੀਤੇ ਦਿਨ ਸਵੇਰੇ 9 ਵਜੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਦੁੱਖ ਦੀ ਘੜੀ ਆਮ ਆਦਮੀ ਪਾਰਟੀ ਆਗੂਆਂ ਤੋਂ ਇਲਾਵਾ ਸਿਆਸੀ ਹਸਤੀਆਂ ਨੇ ਵਿਧਾਇਕ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪ੍ਰਾਚੀਨ ਗਊਸ਼ਾਲਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਐ। ਖਬਰਾਂ ਮੁਤਾਬਕ ਬਲਵੀਰ ਸਿੰਘ ਗਰੇਵਾਲ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਦਵਾਈ ਲੈਣ ਤੋਂ ਬਾਅਦ ਕੱਲ੍ਹ ਡੀਐਮਸੀ ਲਿਆਂਦਾ ਗਿਆ ਸੀ ਜਿੱਥੇ ਸਵੇਰ ਵੇਲੇ ਜ਼ਿੰਦਗੀ ਦੀ ਲੜਾਈ ਹਾਰ ਗਏ।
ਦੱਸਣਯੋਗ ਐ ਕਿ ਦਲਜੀਤ ਸਿੰਘ ਗਰੇਵਾਲ 2022 ਵਿੱਚ ਲੁਧਿਆਣਾ ਪੂਰਬੀ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ 2008 ਦੀਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ 8 ਤੋਂ ਕੌਂਸਲਰ ਬਣੇ ਸਨ। ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਲੁਧਿਆਣਾ ਪੂਰਬੀ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ ਅਤੇ 20,000 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ।
2014 ਵਿੱਚ, ਉਹ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਾਲੀ ਟੀਮ ਇਨਸਾਫ ਵਿੱਚ ਸ਼ਾਮਲ ਹੋ ਗਏ ਅਤੇ ਫਿਰ 2016 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਲੁਧਿਆਣਾ ਪੂਰਬੀ ਤੋਂ ਚੋਣ ਲੜੀ ਅਤੇ ਕਾਂਗਰਸ ਦੇ ਸੰਜੇ ਤਲਵਾੜ ਤੋਂ 1,581 ਵੋਟਾਂ ਨਾਲ ਹਾਰ ਗਏ। ਬਾਅਦ ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ (ਆਪ) ਲੁਧਿਆਣਾ ਅਰਬਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। 2019 ਵਿੱਚ, ਉਹ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ, ਪਰ ਦੋ ਸਾਲ ਬਾਅਦ ‘ਆਪ’ ਵਿੱਚ ਦੁਬਾਰਾ ਸ਼ਾਮਲ ਹੋ ਗਏ। ਉਨ੍ਹਾਂ ਦੇ ਸ਼ਾਮਲ ਹੋਣ ਸਮੇਂ ਰਾਘਵ ਚੱਢਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

