
ਅੰਮ੍ਰਿਤਸਰ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਹੈਲਮਟ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਗਈ ਐ। ਪੁਲਿਸ ਵੱਲੋਂ ਲੋਕਾਂ ਨੂੰ ਹੈਲਪਟ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾ ਰਿਹਾ ਐ। ਇਸੇ ਤਹਿਤ ਟਰੈਫਿਕ ਐਜੂਕੇਸ਼ਨ ਸੈੱਲ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਨਾਵਲਟੀ ਚੌਂਕ ਵਿਚ ਰਾਹਗੀਰਾਂ ਨੂੰ ਹੈਲਮਟ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਮਿਲ ਰਹੇ ਨਕਲੀ ਤੇ ਗੈਰ-ਮਿਆਰੀ ਹੈਲਮਟ ਹਾਦਸਾ ਵਾਪਰਨ ਦੀ ਸੂਰਤ ਵਿਚ ਬਚਾਅ ਦੀ ਥਾਂ ਨੁਕਸਾਨ ਕਰ ਸਕਦਾ ਐ। ਅਧਿਕਾਰੀਆਂ ਨੇ ਲੋਕਾਂ ਨੂੰ ਆਈਐਸਆਈ ਮਾਰਕਾ ਮਿਆਰੀ ਹੈਲਮਟ ਪਾਉਣ ਦੀ ਅਪੀਲ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵੇਲੇ ਘਟੀਆ ਕਿਸਮ ਦੇ ਹੈਲਮਟ ਸਿਰਫ਼ ਟੁੱਟਦੇ ਹੀ ਨਹੀਂ ਸਗੋਂ ਆਪਣੇ ਧਾਰਦਾਰ ਕਿਨਾਰਿਆਂ ਨਾਲ ਸਿਰ ਵਿਚ ਚੁਭ ਕੇ ਜਾਨ ਵੀ ਲੈ ਸਕਦੇ ਹਨ। ਇਸ ਲਈ ਲੋਕਾਂ ਨੂੰ ਆਈਐਸਆਈ ਮਾਰਕ ਵਾਲੇ ਸੁਰੱਖਿਅਤ ਹੈਲਮਟ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ। ਟੀਮ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਲਗਭਗ 90 ਆਈ.ਐਸ.ਆਈ. ਮਾਰਕ ਹੈਲਮਟ ਵੰਡੇ, ਨਾਲੇ ਦੋ-ਪਹੀਆ ਸਵਾਰਾਂ ਨੂੰ ਸੁਰੱਖਿਆ ਬਾਰੇ ਵਿਸਥਾਰ ਨਾਲ ਸਮਝਾਇਆ।
ਇਸੇ ਦੌਰਾਨ ਸਿਰ ਤੇ ਹੈਲਮਟ ਅਤੇ ਗੱਡੀਆਂ ਵਿੱਚ ਸੀਟ ਬੈਲਟ ਦਾ ਪੂਰਾ ਇੰਤਜ਼ਾਮ ਕਰ ਕੇ ਚੱਲ ਰਹੇ ਰਾਹਗੀਰਾਂ ਨੂੰ ਗੁਲਾਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜ਼ਿਆਦਾਤਰ ਮੌਤਾਂ ਸਿਰ ‘ਤੇ ਲੱਗਣ ਵਾਲੀ ਸੱਟ ਕਾਰਨ ਹੁੰਦੀਆਂ ਹਨ, ਇਸ ਲਈ ਹੈਲਮਟ ਪਹਿਨਣਾ ਹਰੇਕ ਦੇ ਲਈ ਜ਼ਰੂਰੀ ਹੈ। ਟ੍ਰੈਫਿਕ ਵਿਭਾਗ ਨੇ ਕਿਹਾ ਕਿ ਕਮਿਸ਼ਨਰ ਅਤੇ ਡੀਜੀਪੀ ਦੇ ਨਿਰਦੇਸ਼ਾਂ ‘ਤੇ ਇਹ ਜਾਗਰੂਕਤਾ ਮੁਹਿੰਮਾਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ। ਨਾਵਲਟੀ ਚੌਂਕ ਨੂੰ ਇਸ ਮੁਹਿੰਮ ਲਈ ਵਿਸ਼ੇਸ਼ ਤੌਰ ‘ਤੇ ਚੁਣਿਆ ਗਿਆ ਕਿਉਂਕਿ ਇੱਥੇ ਲੋਕਾਂ ਦੀ ਆਵਾਜਾਈ ਸਭ ਤੋਂ ਵੱਧ ਰਹਿੰਦੀ ਹੈ ਅਤੇ ਇੱਥੋਂ ਜਾਗਰੂਕਤਾ ਦਾ ਸੁਨੇਹਾ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚਦਾ ਹੈ।

