
ਜਲੰਧਰ ਦੇ ਥਾਣਾ ਬਸਤੀ ਬਾਬਾ ਖੇਲ ਦੇ ਅਧੀਨ ਪਾਰਸ ਇਸਟੇਟ ‘ਚ 13 ਸਾਲਾ ਬੱਚੀ ਦਾ ਰੇਪ ਤੋਂ ਬਾਅਦ ਕਤਲ ਮਾਮਲੇ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਘਟਨਾ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਜਿੱਥੇ ਲੋਕਾਂ ਅੰਦਰ ਪੁਲਿਸ ਖਿਲਾਫ ਗੁੱਸੇ ਦੀ ਲਹਿਰ ਐ ਉੱਥੇ ਹੀ ਸਿਆਸੀ ਧਿਰਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਐ। ਇਸੇ ਤਹਿਤ ਜਲੰਧਰ ਦੇ ਮੇਅਰ ਵਿਨੀਤ ਧੀਰ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਘਟਨਾ ਤੇ ਦੁੱਖ ਸਾਂਝਾ ਕੀਤਾ ਐ। ਮੇਅਰ ਧੀਰ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਨਾਲ ਨਾਲ ਏਐਸਆਈ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।
ਪਰਿਵਾਰ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਧੀਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਇਸ ਸਮੇਂ ਹਰ ਇਕ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਹੈ। ਜਿਸ ਤਰ੍ਹਾਂ ਦੋਸ਼ੀ ਨੇ ਇਹ ਘਿਨਾਉਣਾ ਅਪਰਾਧ ਕੀਤਾ ਹੈ ਅਤੇ ਇੱਕ ਮਾਸੂਮ ਬੱਚੇ ਦਾ ਕਤਲ ਕੀਤਾ ਹੈ, ਉਹ ਬਹੁਤ ਦੁਖਦਾਈ ਹੈ। ਇਸ ਸਮੇਂ ਮੇਰਾ ਦਿਲ ਦੁੱਖ ਨਾਲ ਭਰਿਆ ਹੋਇਆ ਹੈ।”
ਉਨ੍ਹਾਂ ਕਿਹਾ ਕਿ ਭਾਵੇਂ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਣਗਹਿਲੀ ਵਰਤਣ ਵਾਲੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਐ ਪਰ ਇਹ ਕਾਫੀ ਨਹੀਂ ਐ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਨਾਲ ਨਾਲ ਏਐਸਆਈ ਖਿਲਾਫ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਐ।
ਦੱਸਣਯੋਗ ਐ ਕਿ ਬੀਤੇ ਦਿਨ ਜਲੰਧਰ ਦੇ ਥਾਣਾ ਬਸਤੀ ਬਾਬਾ ਖੇਲ ਦੇ ਅਧੀਨ ਪਾਰਸ ਇਸਟੇਟ ‘ਚ 13 ਸਾਲਾ ਬੱਚੀ ਦੀ ਲਾਸ਼ ਗੁਆਂਢੀ ਦੇ ਘਰੋਂ ਮਿਲੀ ਸੀ। ਮ੍ਰਿਤਕ ਪ੍ਰਭਲੀਨ ਕੌਰ ਦੇ ਪਰਿਵਾਰ ‘ਚ ਉਸਦੀ ਮਾਤਾ ਅਤੇ ਵੱਡਾ ਭਰਾ ਹੀ ਹਨ ਅਤੇ ਉਸਦੇ ਪਿਤਾ ਦੀ ਪਿਛਲੇ ਸਾਲ ਮੌਤ ਹੋ ਗਈ ਸੀ।
ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਸ਼ਾਮ ਨੂੰ ਬੱਚੀ ਘਰ ਨਹੀਂ ਪੁੱਜੀ, ਤਾਂ ਉਸਦੀ ਮਾਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ। ਇਲਾਕੇ ਦੀਆਂ ਸੀਸੀਟਿਵੀ ਫੁਟੇਜ ਚੈੱਕ ਕਰਨ ‘ਤੇ ਸਾਹਮਣੇ ਆਇਆ ਕਿ ਗੁਆਂਢੀ ਨੇ ਸ਼ਾਮ 4 ਵਜੇ ਲੜਕੀ ਨੂੰ ਆਪਣੇ ਘਰ ਬੁਲਾਇਆ ਸੀ। ਕਿਉਂਕਿ ਗੁਆਂਢੀ ਦੀ ਧੀ, ਬੱਚੀ ਦੀ ਸਹੇਲੀ ਸੀ, ਇਸ ਕਰਕੇ ਉਸਦਾ ਘਰ ਆਉਣਾ–ਜਾਣਾ ਸੀ।
ਸ਼ਾਮ 7 ਵਜੇ ਤੱਕ ਜਦੋਂ ਉਹ ਘਰ ਨਹੀਂ ਆਈ ਤਾਂ ਪਰਿਵਾਰ ਅਤੇ ਮੁਹੱਲੇ ਦੇ ਲੋਕ ਰਿੰਪੀ ਦੇ ਘਰ ਗਏ, ਪਰ ਉਹ ਬਹਿਸ ਕਰਨ ਲੱਗ ਪਿਆ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਮੁਹੱਲਾ ਵਾਸੀਆਂ ਦੇ ਮੁਤਾਬਕ ਪੁਲਿਸ ਨੇ ਅਣਗਹਿਲੀ ਨਾਲ ਚੈਕਿੰਗ ਕਰਦਿਆਂ ਕਿਹਾ ਕਿ ਘਰ ‘ਚ ਕੋਈ ਨਹੀਂ ਹੈ ਤੇ ਵਾਪਸ ਚਲੀ ਗਈ।
ਲੋਕਾਂ ਨੂੰ ਫਿਰ ਵੀ ਤਸੱਲੀ ਨਹੀਂ ਹੋਈ, ਇਸ ਕਰਕੇ ਉਨ੍ਹਾਂ ਨੇ ਖੁਦ ਗੇਟ ਖੁੱਲ੍ਹਵਾਏ ਅਤੇ ਘਰ ਅੰਦਰ ਚੈੱਕ ਕੀਤਾ ਤਾਂ ਬਾਥਰੂਮ ਤੋਂ ਲੜਕੀ ਦੀ ਲਾਸ਼ ਮਿਲੀ। ਬੱਚੀ ਦੇ ਸਿਰ ‘ਤੇ ਗਹਿਰੀ ਸੱਟ ਸੀ ਅਤੇ ਕਾਫ਼ੀ ਖੂਨ ਵਹਿ ਗਿਆ ਸੀ। ਲਾਸ਼ ਮਿਲਦੇ ਹੀ ਲੋਕਾਂ ਨੇ ਗੁਆਂਢੀ ਨੂੰ ਮੌਕੇ ‘ਤੇ ਕਾਬੂ ਕਰਕੇ ਕੁੱਟਮਾਰ ਵੀ ਕੀਤੀ। ਗੁਆਂਢੀ ਦੀ ਪਤਨੀ ਅਤੇ ਬੱਚੇ ਉਸ ਦਿਨ ਪੇਕੇ ਗਏ ਹੋਏ ਸਨ, ਜਿਸ ਕਰਕੇ ਉਹ ਘਰ ‘ਚ ਇਕੱਲਾ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀਪੀ ਆਕ੍ਰਿਤੀ ਜੈਨ, ਏਡੀਸੀਪੀ ਹਰਿੰਦਰ ਸਿੰਘ ਗਿੱਲ ਅਤੇ ਪੰਜ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਹਾਲਾਤ ਕਾਫ਼ੀ ਦੇਰ ਤੱਕ ਤਣਾਅ ਪੂਰਨ ਰਹੇ। ਪੁਲਿਸ ਨੇ ਪਹਿਲਾਂ ਗੁਆਂਢੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਭੇਜਿਆ। ਫਿਰ ਫ਼ੋਰੈਂਸਿਕ ਟੀਮ ਨੇ ਕ੍ਰਾਈਮ ਸਥਾਨ ਤੋਂ ਸੈਂਪਲ ਇਕੱਠੇ ਕੀਤੇ। ਰਾਤ ਇੱਕ ਵਜੇ ਦੇ ਕਰੀਬ ਪ੍ਰਭਲੀਨ ਦੇ ਸ਼ਵ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਭੇਜਿਆ ਗਿਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

