
ਤਰਨ ਤਾਰਨ ਪੁਲਿਸ ਨੇ ਬੀਐਸਐਫ ਨਾਲ ਚਲਾਈ ਸਾਂਝੀ ਮੁਹਿੰਮ ਤਹਿਤ ਦੋ ਜਣਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਐ ਜਦਕਿ ਇਨ੍ਹਾਂ ਦਾ ਇਕ ਸਾਥੀ ਭੱਜਣ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਇੱਕ ਪਿਸਤੌਲ, ਮੈਗਜ਼ੀਨ ਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਫੜੇ ਨੌਜਵਾਨਾਂ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਧਰਮਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀਆਨ ਡਲੀਰੀ ਵਜੋਂ ਹੋਈ ਹੈ। ਜਦਕਿ ਫਰਾਰ ਦੋਸ਼ੀ ਦੀ ਪਛਾਣ ਸਚਿਨ ਪੁੱਤਰ ਰੇਸ਼ਮ ਸਿੰਘ ਵਾਸੀ ਨਾਰਲੀ ਵਜੋਂ ਹੋਈ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਐਸਐਚਓ ਬਲਜਿੰਦਰ ਸਿੰਘ ਦੇ ਦੱਸਣ ਮੁਤਾਬਕ ਰਾਜੋਕੇ ਚੌਂਕੀ ਇੰਚਾਰਜ ਸ਼ਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪਿੰਡ ਕਲਸੀਆਂ ਵਿਖੇ ਮੌਜੂਦ ਸਨ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਨਰਿੰਦਰ ਸਿੰਘ ਏ ਸੀ ਕੰਪਨੀ ਕਮਾਂਡਰ 115 ਬਟਾਲੀਅਨ ਬੀ ਐਸ ਐਫ, ਬੀਐਸਐਫ ਦੀ ਸਰਹੱਦੀ ਚੌਕੀ ਬਾਬਾ ਪੀਰ ਵਿਖੇ ਸਮੇਤ ਬੀ ਐਸ ਐਫ ਜਵਾਨਾਂ ਨੇ ਦੋ ਨੌਜਵਾਨ ਕਾਬੂ ਕੀਤੇ ਹਨ ਅਤੇ ਉਹਨਾਂ ਕੋਲ ਕੋਈ ਵਸਤੂ ਹੈ, ਜਿਸ ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕਰਦਿਆਂ ਘਟਨਾ ਸਥਾਨ ਤੇ ਪੁੱਜੀ ਤਾਂ ਏਸੀ ਨਰਿੰਦਰ ਸਿੰਘ ਨੇ ਫੜੇ ਨੌਜਵਾਨ ਤਫਤੀਸ਼ੀ ਅਫਸਰ ਦੇ ਹਵਾਲੇ ਕੀਤੇ ਜਿਨਾਂ ਕੋਲੋਂ ਇੱਕ ਪੱਤਰ ਅਤੇ ਇੱਕ ਪਲਾਸਟਿਕ ਦੀ ਬੋਤਲ ਜਿਸ ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ ਅਤੇ ਤਾਂਬੇ ਦੀ ਤਾਰ ਦੀ ਕੁੰਡੀ ਬਣੀ ਹੋਈ ਸੀ ਬਰਾਮਦ ਕੀਤੀ।
ਜਦੋਂ ਤਫਤੀਸ਼ੀ ਅਫਸਰ ਨੇ ਬੋਤਲ ਨੂੰ ਚੈੱਕ ਕੀਤਾ ਤੇ ਉਸ ਵਿੱਚੋਂ ਇੱਕ ਪਿਸਤੌਲ ਬਿਨਾਂ ਸਲਾਈਡ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਥਾਣਾ ਖਾਲੜਾ ਦੀ ਪੁਲਿਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

