
ਗੁਰਦਾਸਪੁਰ ਸ਼ਹਿਰ ਅੰਦਰ ਕੂੜੇ ਦੇ ਨਿਪਟਾਰੇ ਦੇ ਮੁੱਦੇ ’ਤੇ ਸਿਆਸਤ ਗਰਮਾ ਗਈ ਐ। ਨਗਰ ਕੌਂਸਲ ਪ੍ਰਧਾਨ ਨੇ ਸੱਤਾਧਾਰੀ ਧਿਰ ਉਤੇ ਕੂੜੇ ਦੇ ਡੰਪ ਲਈ ਥਾਂ ਨਾ ਦੇਣ ਦੇ ਇਲਜ਼ਾਮ ਲਾਏ ਨੇ। ਦੂਜੇ ਪਾਸੇ ਆਪ ਹਲਕਾ ਇੰਚਾਰਜ ਨੇ ਦੋਸ਼ ਨਕਾਰਦਿਆਂ ਨਗਰ ਕੌਂਸਲ ’ਤੇ ਪੈਸਿਆਂ ਵਿਚ ਹੇਰਾ-ਫੇਰੀ ਦੀ ਗੱਲ ਕਹੀ ਐ। ਸਥਾਨਕ ਵਾਸੀਆਂ ਨੇ ਦੋਵੇਂ ਧਿਰਾਂ ਨੂੰ ਇਕ-ਦੂਜੇ ਤੇ ਦੂਸ਼ਣਬਾਜ਼ੀ ਛੱਡ ਕੇ ਮਸਲੇ ਦੇ ਹੱਲ ਦੀ ਅਪੀਲ ਕੀਤੀ ਐ।
ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਦੋਸ਼ ਹੈ ਕਿ ਜੇਕਰ ਨਗਰ ਕੌਂਸਲ ਕੂੜਾ ਡੰਪ ਕਰਨ ਲਈ ਕੋਈ ਜਗ੍ਹਾ ਚੁਣਦਾ ਹੈ ਤਾਂ ਉੱਥੇ ਸਿਆਸਤ ਖੇਡੀ ਜਾਂਦੀ ਹੈ ਤੇ ਉਸ ਜਗ੍ਹਾ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਜਦ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦਾ ਦੋਸ਼ ਹੈ ਕਿ ਨਗਰ ਕੌਂਸਲ ਵੱਲੋਂ ਕੂੜਾ ਪ੍ਰਬੰਧਨ ਦੇ ਨਾਂ ਤੇ ਪੈਸੇ ਖੁਰਦ ਬੁਰਦ ਕੀਤੇ ਗਏ ਹਨ।
ਕਾਗਜ਼ਾਂ ਵਿੱਚ ਤਾਂ ਜਗ੍ਹਾ ’ਤੇ ਪੈਸੇ ਲਗਾਏ ਦਿਖਾ ਦਿੱਤੇ ਗਏ ਹਨ ਪਰ ਉੱਥੇ ਨਾ ਤਾਂ ਸਪਰੇਅ ਕੀਤਾ ਗਿਆ ਸੀ ਅਤੇ ਨਾ ਹੀ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਸੀ ਜਿਸ ਕਾਰਨ ਲੋਕਾਂ ਨੇ ਦੁਖੀ ਹੋ ਕੇ ਉਸ ਜਗ੍ਹਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ, ਨਗਰ ਕੌਂਸਲ ਉਲਟਾ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ਤੇ ਦੋਸ਼ ਲਗਾ ਰਹੀ ਹੈ ਕਿ ਜਗ੍ਹਾ ਮੁਹਈਆ ਨਹੀਂ ਕਰਵਾਈ ਜਾ ਰਹੀ ਜਦਕਿ ਨਗਰ ਕੌਂਸਲ ਕੋਲ ਆਪਣੀ ਕਾਫੀ ਜਗ੍ਹਾ ਹੈ ਅਤੇ ਕਮੀ ਉਸ ਦੀ ਆਪਣੀ ਹੈ ਕਿਉਂਕਿ ਸ਼ਹਿਰ ਦੇ ਕੂੜਾ ਪ੍ਰਬੰਧਨ ਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ।

