
ਆਮ ਆਦਮੀ ਤੇ ਬੁਲਾਰਾ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਨੂੰਨ ਹੱਥ ਵਿਚ ਲੈਣ ਵਾਲਿਆਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਐ। ਅੰਮ੍ਰਿਤਸਰ ਸ਼ਹਿਰ ਅੰਦਰ 24 ਘੰਟਿਆਂ ਵਿਚ ਵਾਪਰੀਆਂ ਕਤਲ ਦੀਆਂ ਤਿੰਨ ਘਟਨਾਵਾਂ ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਵੇਂ ਇਹ ਘਟਨਾਵਾਂ ਘਰੇਲੂ ਰੰਜ਼ਿਸ਼ ਤਹਿਤ ਵਾਪਰੀਆਂ ਨੇ ਪਰ ਪ੍ਰਸ਼ਾਸਨ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀਂ ਦੇਵੇਗਾ ਅਤੇ ਸਾਰੇ ਮਾਮਲਿਆਂ ਵਿਚ ਸਖਤ ਕਾਰਵਾਈ ਹੋਵੇਗਾ।
ਦੱਸਣਯੋਗ ਐ ਕਿ ਪਿਛਲੇ 24 ਘੰਟਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਤਿੰਨ ਨੌਜਵਾਨਾਂ ਦੇ ਕਤਲ ਹੋਣ ਮਗਰੋਂ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਮਾਮਲਿਆਂ ਵਿੱਚ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਅੱਜ ਛੇਹਰਟਾ ਪਿੰਡ ਪਹੁੰਚੇ। ਧਾਲੀਵਾਲ ਨੇ ਪਰਿਵਾਰ ਨਾਲ ਮਿਲ ਕੇ ਕਤਲ ਮਾਮਲੇ ਦੀ ਪੂਰੀ ਜਾਣਕਾਰੀ ਲਈ ਅਤੇ ਉਹਨਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਧਾਲੀਵਾਲ ਨੇ ਦੱਸਿਆ ਕਿ ਸ਼ਿਹਾਡੇ ਵਿੱਚ ਹੋਈ ਗੋਲੀਬਾਰੀ ਦੇ ਪਿੱਛੇ ਮੁੱਖ ਕਾਰਨ ਪਰਿਵਾਰਕ ਤਣਾਅ ਅਤੇ ਘਰੇਲੂ ਰੰਜਿਸ਼ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਵੀ ਇਹ ਗੱਲ ਕਬੂਲੀ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ ਰਿਸ਼ਤੇਦਾਰ ਵੱਲੋਂ ਧਮਕੀ ਅਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਧਾਲੀਵਾਲ ਮੁਤਾਬਕ, ਜਿਸ ਵਿਅਕਤੀ ’ਤੇ ਸ਼ੱਕ ਹੈ, ਉਹ ਵਿਦੇਸ਼ ਵਿੱਚ ਬੈਠ ਕੇ ਹਮਲਾ ਕਰਵਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਤੁਰੰਤ ਟੀਮਾਂ ਤੈਨਾਤ ਕਰ ਦਿੱਤੀਆਂ ਸਨ ਅਤੇ ਫੋਰਸ ਰਾਤ-ਦਿਨ ਲਗਾਤਾਰ ਐਕਸ਼ਨ ਵਿੱਚ ਹੈ। “ਜਲਦੀ ਹੀ ਦੋਸ਼ੀਆਂ ਤੱਕ ਪਹੁੰਚਿਆ ਜਾਵੇਗਾ ਅਤੇ ਨਤੀਜਾ ਸਭ ਦੇ ਸਾਹਮਣੇ ਹੋਵੇਗਾ ਉਹਨਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਦੀ ਪੱਖੋਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਅਮਨ-ਕਾਨੂੰਨ ਨੂੰ ਚੁਣੌਤੀ ਦੇਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਧਾਲੀਵਾਲ ਨੇ ਦੂਜੇ ਵਾਪਰੇ ਕਤਲ ਮਾਮਲੇ ਬਾਰੇ ਵੀ ਕਿਹਾ ਕਿ ਪੁਲਿਸ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਦੋਵੇਂ ਮਾਮਲਿਆਂ ਦਾ ਨਤੀਜਾ ਜਲਦੀ ਸਾਹਮਣੇ ਆਵੇਗਾ। ਉਹਨਾਂ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਹਨਾਂ ਨਾਲ ਪੂਰੀ ਤਰ੍ਹਾਂ ਖੜੀ ਹੈ ਅਤੇ ਇਨਸਾਫ਼ ਹਰ ਹਾਲਤ ਵਿੱਚ ਮਿਲੇਗਾ।

