ਜਲੰਧਰ ’ਚ ਲਾਟਰੀ ਕਾਰੋਬਾਰ ਦਾ ਮੁੱਦਾ ਗਰਮਾਇਆ; ਸਾਬਕਾ ਵਿਧਾਇਕ ਅਗੁਰਾਲ ਨੇ ਵੀਡੀਓ ਜ਼ਰੀਏ ਘੇਰੀ ਸਰਕਾਰ; ਲੁੱਟ ਦੇ ਹਵਾਲੇ ਨਾਲ ਪੁੱਛੇ ਤਿੱਖੇ ਸਵਾਲ

0
16

ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅਗੁਰਾਲ ਨੇ ਵੀਡੀਓ ਜਾਰੀ ਕਰਦਿਆਂ ਜਲੰਧਰ ਸ਼ਹਿਰ ਅੰਦਰ ਲਾਟਰੀ ਤੇ ਨਸ਼ਿਆਂ ਦੀ ਭਰਮਾਰ ਦੇ ਇਲਜਾਮ ਲਾਏ ਨੇ। ਸਾਬਕਾ ਵਿਧਾਇਕ ਨੇ ਇਕ ਲਾਟਰੀ ਦੇ ਸਟਾਲ ’ਤੇ ਹੋ ਰਹੀ ਲੁੱਟ ਦੀ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਨਸ਼ੇ ਤੇ ਜਾਅਲੀ ਲਾਟਰੀ ਦਾ ਧੰਦਾ ਜ਼ੋਰਾ ਤੇ ਚੱਲ ਰਿਹਾ ਐ ਪਰ ਪੁਲਿਸ ਪ੍ਰਸ਼ਾਸਨ ਇਸ ਤੇ ਨੱਥ ਪਾਉਣ ਵਿਚ ਅਸਫਲ ਰਹੀ ਐ। ਭਾਜਪਾ ਆਗੂ ਨੇ ਪੁਲਿਸ ਤੇ ਸਰਕਾਰ ਤੋਂ ਸ਼ਹਿਰ ਅੰਦਰ ਲਾਟਰੀ ਦੇ ਗੈਰ-ਕਾਨੂੰਨੀ ਧੰਦੇ ਬਾਰੇ ਸਵਾਲ ਪੁੱਛਿਆ ਐ।

ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਜਾਰੀ ਵੀਡੀਓ ਜਲੰਧਰ ਸ਼ਹਿਰ ਦੀ ਦੱਸੀ ਜਾ ਰਹੀ ਐ, ਜਿਸ ਵਿਚ ਇੱਕ ਲਾਟਰੀ ਦੀ ਦੁਕਾਨ ਦੀ ਕੁੱਝ ਹਥਿਆਰਬੰਦ ਲੋਕ ਲੁੱਟ ਕਰ ਰਹੇ ਨੇ। ਲੁਟੇਰੇ ਲਾਟਰੀ ਸੰਚਾਲਕਾਂ ਤੇ ਉੱਥੇ ਮੌਜੂਦ ਲੋਕਾਂ ਦੀਆਂ ਜੇਬਾਂ ਵਿੱਚੋਂ ਹਥਿਆਰ ਦਿਖਾ ਕੇ ਪੈਸੇ ਕੱਢਦੇ ਦਿਖਾਈ ਦੇ ਰਹੇ ਨੇ। ਭਾਜਪਾ ਨੇਤਾ ਅਗੁਰਾਲ ਨੇ ਦਾਅਵਾ ਕੀਤਾ ਕਿ ਜਲੰਧਰ ਪੁਲਿਸ ਕਹਿੰਦੀ ਹੈ ਕਿ ਲਾਟਰੀ ਪੂਰੇ ਸ਼ਹਿਰ ਵਿੱਚ ਨਹੀਂ ਚਲਾਈ ਜਾਂਦੀ ਪਰ ਜੇਕਰ ਪੁਲਿਸ ਸੱਚੀ ਐ ਤਾਂ ਉਹ ਦੱਸੇ ਕਿ ਇਹ ਲੁੱਟ ਕਿੱਥੇ ਹੋ ਰਹੀ ਹੈ।

ਵੀਡੀਓ ਵਿੱਚ ਲਾਟਰੀ ਸੰਚਾਲਕ ਖੁਦ ਨੂੰ ਗਰੀਬ ਦਸਦਿਆਂ ਲੁਟੇਰਿਆਂ ਤੋਂ ਰਹਿਮ ਦੀ ਭੀਖ ਮੰਗਦਾ ਸੁਣਾਈ ਦੇ ਰਿਹਾ ਐ। ਸ਼ੀਤਲ ਅੰਗੁਰਾਲ ਦਾ ਕਹਿਣਾ ਐ ਕਿ ਜਲੰਧਰ ਸ਼ਹਿਰ ਅੰਦਰ ਜੂਆ ਮਾਫੀਆ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਜਲੰਧਰ ਵਿੱਚ ਇੱਕ ਵਿਧਾਇਕ ਦੀ ਪਹਿਲਾਂ ਹੀ ਬਲੀ ਦਿੱਤੀ ਜਾ ਚੁੱਕੀ ਹੈ। ਜਲੰਧਰ ਵਿੱਚ ਲਾਟਰੀ ਚਲਾਉਣ ਵਾਲੇ ਅਤੇ ਪੈਸੇ ਲੈਣ ਵਾਲੇ ਬੇਨਕਾਬ ਹੋ ਚੁੱਕੇ ਹਨ। ਮੈਂ ਜਲੰਧਰ ਪੁਲਿਸ ਨੂੰ ਅਸਫਲ ਦੱਸ ਰਿਹਾ ਹਾਂ ਕਿਉਂਕਿ ਇਹ ਗਤੀਵਿਧੀਆਂ ਸਾਰਿਆਂ ਨੂੰ ਬਦਨਾਮ ਕਰਦੀਆਂ ਹਨ। ਮੈਂ ਕਈ ਵਾਰ ਲਾਟਰੀ ਵਿਰੁੱਧ ਬੋਲਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੋਂ ਤਕ ਕਿ ਮੈਨੂੰ ਬੇਇੱਜ਼ਤ ਕਰਨ ਲਈ ਮੇਰੇ ਘਰ ਦੇ ਬਾਹਰ ਇੱਕ ਲਾਟਰੀ ਦੀ ਦੁਕਾਨ ਖੋਲ੍ਹੀ ਗਈ।

ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਪੁਲਿਸ ਦਾ ਦਾਅਵਾ ਹੈ ਕਿ ਪੂਰੇ ਸ਼ਹਿਰ ਵਿੱਚ ਇੱਕ ਵੀ ਲਾਟਰੀ ਸਟਾਲ ਨਹੀਂ ਹੈ। ਮੈਂ ਤੁਹਾਨੂੰ ਦੱਸਾਂਗਾ ਕਿ 13 ਨਵੰਬਰ ਨੂੰ ਜੂਏ ਦਾ ਰੈਕੇਟ ਕਿਵੇਂ ਲੁੱਟਿਆ ਗਿਆ ਸੀ। ਸਮਾਂ ਰਾਤ 8:55 ਵਜੇ ਦਾ ਸੀ। ਝਗੜੇ ਦੀ ਪੂਰੀ ਵੀਡੀਓ ਹੈ। ਇੱਕ ਆਦਮੀ ਕਹਿ ਰਿਹਾ ਹੈ, “ਮੈਂ ਗੋਲੀ ਵੀ ਮਾਰਾਂਗਾ।” ਉਨ੍ਹਾਂ ਕੋਲ ਹਥਿਆਰ ਹਨ। ਬਹੁਤ ਸਾਰੇ ਨੇਤਾ ਮੇਰੇ ਹਲਕੇ ਨੂੰ ਲੁੱਟ ਰਹੇ ਹਨ। ਇਹ ਲੋਕ ਕੌਣ ਹਨ ਜੋ ਲਾਟਰੀ ਚਲਾ ਰਹੇ ਹਨ? ਸੀਤਲ ਅਗੁਰਾਲ ਦਾ ਇਲਜਾਮ ਸੀ ਕਿ ਜਲੰਧਰ ਪੁਲਿਸ ਸੁੱਤੀ ਪਈ ਹੈ ਜਦਕਿ ਸ਼ਹਿਰ ਦੀ ਹਰ ਗਲੀ ਵਿੱਚ ਲਾਟਰੀ ਦੇ ਸਟਾਲ ਚੱਲ ਰਹੇ ਹਨ। ਸਾਬਕਾ ਵਿਧਾਇਕ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਵੀਡੀਓ ਵਿਚ ਦਿਖਾਈ ਦਿੰਦੇ ਹਾਲਾਤਾਂ ਬਾਰੇ ਜਵਾਬ ਮੰਗਿਆ ਐ।

LEAVE A REPLY

Please enter your comment!
Please enter your name here