
ਖੰਨਾ ਪੁਲਿਸ ਨੇ ਸਮਰਾਲਾ ਨੇੜਿਓ ਖੋਹ ਕੀਤੀ ਕੈਬ ਬਰਾਮਦ ਕਰ ਲਈ ਐ। ਪੁਲਿਸ ਨੇ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਮੁਲਜਮਾਂ ਲੁਧਿਆਣਾ ਜਾਣ ਲਈ ਕੈਬ ਬੁੱਕ ਕੀਤੀ ਸੀ ਅਤੇ ਸਮਰਾਲਾ ਨੇੜੇ ਡਰਾਈਵਰ ਨੂੰ ਹੇਠਾ ਸੁੱਟ ਕੇ ਮੁਲਜਮ ਫਰਾਰ ਹੋ ਗਏ ਸਨ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਲੋਕਾਂ ਦੀ ਮੱਦਦ ਨਾਲ ਕਾਬੂ ਕਰ ਕੇ ਖੋਹ ਕੀਤੀ ਕੈਬ ਬਰਾਮਦ ਕਰ ਲਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ.) ਖੰਨਾ ਪਵਨਜੀਤ ਚੌਧਰੀ ਨੇ ਦੱਸਿਆ ਕਿ, ਪੁਲਿਸ ਨੂੰ ਇਤਲਾਹ ਮਿਲੀ ਸੀ, ਕਿ ਨਵੀਨ ਕੁਮਾਰ ਵਾਸੀ ਰਤੀਆ ਜ਼ਿਲਾ ਫਤਿਹਾਬਾਦ (ਹਰਿਆਣਾ) ਜੋਕਿ ਕੈਬ ਚਲਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ, ਰਾਤ ਉਸ ਇਕ ਵਿਅਕਤੀ ਦਾ ਙੋਨ ਆਇਆ, ਜਿਸ ਨੇ ਆਪਣਾ ਨਾਂ ਕਰਨ ਪੁੱਤਰ ਜਿੰਦਰ ਸਿੰਘ ਹਾਲ ਵਾਸੀ ਸੋਹਾਣਾ ਦੱਸਿਆ ਅਤੇ ਲੁਧਿਆਣਾ ਜਾਣ ਲਈ ਕਿਹਾ।
ਇਸ ’ਤੇ ਉਹ ਆਪਣੀ ਕੈਬ ਲੈ ਕੇ ਉਕਤ ਦੱਸੇ ਪਤੇ ’ਤੇ ਚਲਾ ਗਿਆ ਅਤੇ ਉੱਥੇ ਕਰਨ ਅਤੇ ਉਸ ਦਾ ਇੱਕ ਹੋਰ ਸਾਥੀ ਉਸ ਦੀ ਕੈਬ ਵਿਚ ਸਵਾਰ ਹੋ ਗਏ। ਇਨ੍ਹਾਂ ਵਿਚੋਂ ਇੱਕ ਵਿਅਕਤੀ ਉਸ ਦੇ ਨਾਲ ਅਗਲੀ ਸੀਟ ’ਤੇ ਸਵਾਰ ਹੋ ਗਿਆ, ਜਦਕਿ ਦੂਜਾ ਵਿਅਕਤੀ ਪਿੱਛਲੀ ਸੀਟ ’ਤੇ ਬੈਠ ਗਿਆ। ਜਿਵੇ ਹੀ ਉਸ ਨੇ ਸਮਰਾਲਾ ਨੇੜਲੇ ਪਿੰਡ ਹੇਡੋਂ ਵਾਲੇ ਹਾਈਵੇ ਪੁਲ ਨੂੰ ਕਰਾਸ ਕੀਤਾ ਤਾਂ ਇਨ੍ਹਾਂ ਦੋਸ਼ੀਆਂ ਨੇ ਉਸ ਕੋਲੋ ਜਬਰੀ ਉਸ ਦੀ ਕੈਬ ਖੋਹ ਲਈ ਅਤੇ ਉਸ ਨੂੰ ਹੇਠਾ ਸੁੱਟ ਕੇ ਫਰਾਰ ਹੋ ਗਏ।
ਐੱਸ.ਪੀ. (ਡੀ.) ਸ਼੍ਰੀ ਚੌਧਰੀ ਨੇ ਦੱਸਿਆ ਕਿ, ਉਕਤ ਘਟਨਾ ਦੀ ਜਾਣਕਾਰੀ ਨਵੀਨ ਕੁਮਾਰ ਵੱਲੋਂ ਹੇਡੋ ਪੁਲਸ ਚੋਂਕੀ ਦੇ ਬਾਹਰ ਚੈਕਿੰਗ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ, ਇਹ ਦੋਵੇਂ ਮੁਲਜ਼ਮ ਖੋਹੀ ਗਈ ਕੈਬ ਨੂੰ ਲੈ ਕੇ ਨੇੜਲੇ ਪਿੰਡ ਕੋਟਲਾ ਸਮਸ਼ਪੁਰ ਵਿਖੇ ਵੜ ਗਏ। ਜਿੱੱਥੇ ਕਿ, ਸ਼ਕੀ ਵਿਅਕਤੀਆਂ ਦੇ ਪਿੰਡ ਵਿਚ ਆਉਣ ’ਤੇ ਪਿੰਡ ਵਾਸੀ ਚੁਕੰਨੇ ਹੋ ਗਏ ਅਤੇ ਇਨ੍ਹਾਂ ਨੂੰ ਘੇਰ ਲਿਆ ਗਿਆ। ਪਿੰਡ ਵਾਸੀਆਂ ਦੀ ਮੱਦਦ ਨਾਲ ਪੁਲਸ ਨੇ ਕਰਨ ਪੁੱਤਰ ਜਿੰਦਰ ਸਿੰਘ ਵਾਸੀ ਥਾਣਾ ਟਾਡਾ (ਹੁਸ਼ਿਆਰਪੁਰ) ਨੂੰ ਤਾਂ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ। ਪ੍ਰੰਤੂ ਉਸ ਦਾ ਦੂਜਾ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕੁਲਵੰਤ ਸਿੰਘ ਵਾਸੀ ਜੀਰਾ ਰੋਡ ਮੋਗਾ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁੱਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਕਾਬੂ ਕਰ ਲਿਆ ਗਿਆ। ਇਨ੍ਹਾਂ ਵੱਲੋਂ ਲੁੱਟੀ ਗਈ ਕੈਬ ਨੂੰ ਵੀ ਪਿੰਡ ਕੋਟਲਾ ਸਮਸ਼ਪੁਰ ਤੋਂ ਹੀ ਬਰਾਮਦ ਕਰ ਲਿਆ ਗਿਆ, ਜਿਸ ਨੂੰ ਇਨ੍ਹਾਂ ਉੱਥੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।

