
ਗੁਰਦਾਸਪੁਰ ਅਧੀਨ ਆਉਂਦੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਬੁਲਿਟ ਨਾਲ ਪਟਾਕੇ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਕਈ ਜਣਿਆਂ ਦੇ ਚੱਲਾਨ ਕੀਤੇ ਨੇ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਹਿਰ ਅੰਦਰ ਬੁਲਿਟ ਸਵਾਰਾਂ ਵੱਲੋਂ ਪਟਾਕੇ ਪਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਸ ਤੇ ਕਾਰਵਾਈ ਕਰਦਿਆਂ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਨਾਕੇਬੰਦੀ ਕਰ ਕੇ ਕਈ ਬੁਲਿਟ ਮੋਟਰ ਸਾਇਕਲਾਂ ਦੇ ਆਵਾਜ਼ ਪ੍ਰਦੂਸ਼ਣ ਦੇ ਚੱਲਾਨ ਕੱਟੇ ਗਏ ਨੇ। ਪੁਲਿਸ ਅਧਿਕਾਰੀ ਨੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜਰ ਰੱਖਣ ਦੀ ਅਪੀਲ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਧਾਰੀਵਾਲ ਵਿੱਚ ਦੇਖਿਆ ਹੈ ਕਿ ਟਰੈਫਿਕ ਸਮੱਸਿਆ ਦੀ ਅੱਧੀ ਜੜ੍ਹ ਤਾਂ ਦੁਕਾਨਾਂ ਦੇ ਬਾਹਰ ਲੱਗਾ ਸਮਾਨ ਹੈ। ਦੁਕਾਨਦਾਰਾਂ ਨੂੰ ਖੁਦ ਹੀ ਸਮਝਦਾਰੀ ਵਰਤਣੀ ਚਾਹੀਦੀ ਹੈ। ਇਸ ਦੇ ਇਲਾਵਾ ਉਹਨਾਂ ਨੇ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਬੁਲਟ ਦੇ ਸਲੈਂਸਰ ਬਦਲਾਉਣ ਲਈ ਖੁੱਲੇ ਪੈਸੇ ਦੇ ਦਿੰਦੇ ਹਨ ਜਿਸ ਨਾਲ ਨੌਜਵਾਨ ਲੜਕੇ ਆਪਣੇ ਸ਼ੌਂਕ ਪੂਰੇ ਕਰਨ ਲਈ ਬੁਲੇਟ ਦੇ ਸਲੈਂਸਰ ਬਦਲਾ ਕੇ ਉਸਦੇ ਪਟਾਕੇ ਮਾਰ ਕੇ ਆਪਣੇ ਆਪ ਨੂੰ ਬੜੇ ਹੀਰੋ ਸਮਝਦੇ ਹਨ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੁੱਲਟ ਦੇ ਪਟਾਕੇ ਮਾਰਨ ਵਾਲਿਆਂ ਖਿਲਾਫ ਟਰੈਫਿਕ ਵਾਇਲੇਸ਼ਨ ਦੇ ਸਖਤ ਕਾਨੂੰਨ ਵੀ ਲਾਗੂ ਕੀਤੇ ਜਾਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਟਰੈਫਿਕ ਵਾਇਲੇਸ਼ਨ ਨਾ ਕਰਨ ਜਿਸ ਨਾਲ ਸ਼ਹਿਰ ਧਾਰੀਵਾਲ ਦੀ ਟਰੈਫਿਕ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।

