ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਵਿਧਾਇਕ ਧਾਲੀਵਾਲ; ਮੁੱਖ ਬੁਲਾਰਾ ਦੀ ਜ਼ਿੰਮੇਵਾਰੀ ਮਿਲਣ ਬਾਅਦ ਟੇਕਿਆ ਮੱਥਾ

0
47

 

ਆਮ ਆਦਮੀ ਪਾਰਟੀ ਦੀ ਨਵ-ਨਿਯੁਕਤ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਮਿਲੀ ਨਵੀਂ ਜ਼ਿੰਮੇਵਾਰੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਧਾਲੀਵਾਲ ਨੇ ਕਿਹਾ ਕਿ ਜਿਹੜਾ ਭਾਰ ਪਾਰਟੀ ਵੱਲੋਂ ਉਨ੍ਹਾਂ ਦੇ ਮੱਥੇ ਰੱਖਿਆ ਗਿਆ ਹੈ, ਉਹ ਉਸਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ।

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੀਆਂ ਜਨਹਿਤ ਨੀਤੀਆਂ ਅਤੇ ਲੋਕ ਪੱਖੀ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਡਿਊਟੀ ਹੋਵੇਗੀ। ਇਹ ਸਿਰਫ਼ ਇੱਕ ਅਹੁਦਾ ਨਹੀਂ, ਪੂਰਾ ਚੈਲੇਂਜ ਹੈ। 2027 ਦੇ ਚੋਣੀ ਸਾਲ ਨੇੜੇ ਹਨ ਅਤੇ ਹਰ ਮੋਰਚੇ ਤੇ ਪਾਰਟੀ ਦਾ ਸਟੈਂਡ ਲੋਕਾਂ ਤੱਕ ਪਹੁੰਚਾਉਣਾ ਹੋਰ ਵੀ ਮਹੱਤਵਪੂਰਨ ਹੋ ਜਾਵੇਗਾ। ਤਰਨਤਾਰਨ ਵਿੱਚ ਹੋਈ ਜ਼ਿਮਨੀ ਚੋਣ ਵਿੱਚ AAP ਦੀ ਵੱਡੀ ਜਿੱਤ ’ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਸਪਸ਼ਟ ਤੌਰ ’ਤੇ ਦੱਸਦੇ ਹਨ ਕਿ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ।

ਧਾਲੀਵਾਲ ਮੁਤਾਬਕ, ਇਹ ਜਿੱਤ ਸਿਰਫ਼ ਪਾਰਟੀ ਦੇ ਕੰਮ ਦੀ ਮੋਹਰ ਨਹੀਂ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਮਾਝੇ ਦੇ ਲੋਕਾਂ ਨੇ ਧਰਮੀ ਅਤੇ ਜਾਤ-ਪਾਤ ਦੀ ਸਿਆਸਤ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਅਕਾਲੀ ਦਲ ’ਤੇ ਘੇਰਾਬੰਦੀ ਕਰਦਿਆਂ ਕਿਹਾ ਕਿ ਗੈਂਗਸਟਰ ਤੇ ਨਸ਼ਾ ਮਾਫੀਆ ਦੀਆਂ ਜੜਾਂ ਅਕਾਲੀ ਰਾਜ ਦੌਰਾਨ ਹੀ ਪਈਆਂ ਸੀ। ਤਰਨਤਾਰਨ ਦੇ ਨਤੀਜਿਆਂ ਨੇ ਇਹ ਗੱਲ ਹੋਰ ਵੀ ਵੱਧ ਖੋਲ੍ਹ ਕੇ ਰੱਖ ਦਿੱਤੀ ਹੈ। ਉਹਨਾਂ ਦਾ ਕੈਂਡੀਡੇਟ ਕੌਣ ਸੀ, ਇਹ ਦੱਸਣ ਦੀ ਲੋੜ ਨਹੀਂ — ਮਾਝੇ ਦਾ ਹਰ ਬੱਚਾ ਜਾਣਦਾ ਹੈ।

ਕਾਂਗਰਸ ਬਾਰੇ ਬੋਲਦੇ ਹੋਏ ਧਾਲੀਵਾਲ ਨੇ ਰਾਜਾ ਵੜਿੰਗ ਅਤੇ ਹੋਰ ਆਗੂਆਂ ਦੇ ਬਿਆਨਾਂ ਨੂੰ ‘ਬੇਤੁੱਕਾ’ ਕਰਾਰ ਦਿੱਤਾ ਅਤੇ ਕਿਹਾ ਕਿ 2027 ਤੱਕ ਪੰਜਾਬ ਤੋਂ ਕਾਂਗਰਸ ਦਾ ਲਗਭਗ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਇਤਿਹਾਸਿਕ ਵਾਪਸੀ ਕਰੇਗੀ ਅਤੇ ਮਾਝਾ ਪਾਰਟੀ ਲਈ ਸਭ ਤੋਂ ਮਜ਼ਬੂਤ ਖੇਤਰ ਵਜੋਂ ਉਭਰੇਗਾ। ਬਾਰਡਰ ਇਲਾਕਿਆਂ ਦੇ ਮਸਲਿਆਂ ਨੂੰ ਕੇਂਦਰ ਤੱਕ ਲੈ ਜਾਣ ਅਤੇ ਹੱਲ ਕਰਵਾਉਣ ਨੂੰ ਵੀ ਉਹਨਾਂ ਨੇ ਆਪਣੀ ਵੱਡੀ ਤਰਜੀਹ ਦੱਸਿਆ। ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਮਾਨ ਸਰਕਾਰ ਵਿਕਾਸ ਕਰ ਰਹੀ ਹੈ। 27 ਸਭ ਕੁਝ ਸਪਸ਼ਟ ਕਰ ਦੇਵੇਗਾ।

LEAVE A REPLY

Please enter your comment!
Please enter your name here