ਬਠਿੰਡਾ ’ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ; ਰਸਤੇ ’ਚ ਘੇਰ ਕੇ ਦੋ ਭਰਾਵਾਂ ’ਤੇ ਕੀਤਾ ਹਮਲਾ; ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
14

ਬਠਿੰਡਾ ਦੀ ਧੋਬੀਆਣਾ ਬਸਤੀ ਵਿਚ ਅੱਧੀ ਦਰਜਨ ਹਮਲਾਵਰਾਂ ਦੇ ਦੋ ਭਰਾਵਾਂ ਤੇ ਕੀਤੇ ਹਮਲੇ ’ਚ ਇਕ ਭਰਾ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਘਟਨਾ ਤੋਂ ਗੁਸਿਆਏ ਲੋਕਾਂ ਨੇ ਮ੍ਰਿਤਕ ਦੀ ਲਾਸ਼  ਚੌਂਕ ਵਿਚ ਰੱਖ ਕੇ ਪ੍ਰਦਰਸ਼ਨ ਕੀਤਾ। ਸਥਾਨਕ ਵਾਸੀਆਂ ਦਾ ਕਹਿਣਾ ਐ ਕਿ ਇਲਾਕੇ ਵਿਚ ਸ਼ਰੇਆਮ ਨਸ਼ੇ ਵਿੱਕ ਰਹੇ ਨੇ, ਜਿਸ ਦੇ ਚਲਦਿਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਲੋਕਾਂ ਨੇ ਪੁਲਿਸ ਤੋਂ ਮੁਲਜਮਾਂ ਖਿਲਾਫ ਸਖਤ ਕਾਰਵਾਈ ਮੰਗੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।
ਮੌਕੇ ਤੇ ਮੌਜੂਦ ਸਿਵਲ ਲਾਈਨ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ’ਚ ਨਾਮਜ਼ਦ 5 ਜਣਿਆਂ ਨੂੰ ਨਾਮਜਦ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੇਕਰ ਹੋਰ ਲੋਕ ਵੀ ਘਟਨਾ ਵਿਚ ਸ਼ਾਮਲ ਪਾਏ ਗਏ ਤਾਂ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕੱਚਾ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਜਤਿੰਦਰ ਕੁਮਾਰ (26) ਬੁੱਧਵਾਰ ਰਾਤ ਆਪਣੇ ਛੋਟੇ ਭਰਾ ਧਰਮਿੰਦਰ (22) ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਵਿਸਕੀ, ਗੁਰਮਨ, ਸੁਖਪ੍ਰੀਤ, ਪ੍ਰਿੰਸ ਅਤੇ ਨੂਰ ਨੇ ਤਿੰਨ-ਚਾਰ ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਦੋਵਾਂ ਭਰਾਵਾਂ ਨੂੰ ਘੇਰ ਲਿਆ ਅਤੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ’ਚ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਜਤਿੰਦਰ ਦੀ ਮੌਤ ਹੋ ਗਈ, ਜਦੋਂ ਕਿ ਧਰਮਿੰਦਰ ਨੂੰ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਦੀਵਾਲੀ ਦੀ ਰਾਤ ਨੂੰ ਧਰਮਿੰਦਰ ਦਾ ਮੁਲਜ਼ਮਾਂ ਨਾਲ ਝਗੜਾ ਹੋ ਗਿਆ ਸੀ, ਉਸੇ ਦੀ ਰੰਜਿਸ਼ ਤਹਿਤ ਇਹ ਹਮਲਾ ਹੋਇਆ ਐ।
ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਨੇ ਘਟਨਾ ਲਈ ਨਸ਼ਿਆਂ ਨੂੰ ਜ਼ਿੰਮੇਵਾਰ ਦੱਸਿਆ ਐ। ਲੋਕਾਂ ਦਾ ਕਹਿਣਾ ਐ ਕਿ ਨਸ਼ਾ ਵੇਚਣ ਵਾਲਿਆਂ ਨੂੰ ਜੇਕਰ ਕੋਈ ਰੋਕਦਾ ਐ ਤਾਂ ਉਹ ਅਜਿਹੇ ਹਮਲੇ ਕਰ ਦਿੰਦੇ ਨੇ। ਲੋਕਾਂ ਨੇ ਅਜਿਹੀਆਂ ਘਟਨਾਵਾਂ ਲਈ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਜ਼ਿੰਮੇਵਾਰ ਦੱਸਿਆ ਐ। ਲੋਕਾਂ ਦਾ ਕਹਿਣਾ ਐ ਕਿ ਜੇਕਰ ਪੁਲਿਸ ਅਜਿਹੇ ਅਨਸਰਾਂ ਖਿਲਾਫ ਪੁਖਤਾ ਕਾਰਵਾਈ ਕਰਦੀ ਹੁੰਦੀ ਤਾਂ ਹਮਲਾਵਰਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਰਹਿਣਾ ਸੀ।
ਮੌਕੇ ਤੇ ਮੌਜੂਦ ਇਕ ਔਰਤ ਦੇ ਦੱਸਣ ਮੁਤਾਬਕ ਇਸ ਦਾ ਪੁੱਤਰ 22 ਦਿਨ ਪਹਿਲਾਂ ਨਸ਼ੇ ਕਾਰਨ ਮੌਤ ਤੇ ਮੂੰਹ ਵਿਚ ਜਾ ਚੁੱਕਾ ਐ। ਉਸ ਨੇ ਕਿਹਾ ਕਿ ਅਸੀਂ ਨਸ਼ਿਆਂ ਦੇ ਖਾਤਮੇ ਲਈ ਕਾਫੀ ਰੌਲਾ ਪਾ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਚਲਦਿਆਂ ਕੁੱਝ ਨੌਜਵਾਨ ਨਸ਼ੇ ਨਾਲ ਮਰ ਰਹੇ ਨੇ ਅਤੇ ਕੁੱਝ ਦੀ ਅਜਿਹੇ ਲੜਾਈ ਝਗੜਿਆਂ ਵਿਚ ਜਾਨ ਜਾ ਰਹੀ ਐ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here