ਸੰਗਰੂਰ ਦੇ ਪਿੰਡ ਕਾਲੀਆਂ ’ਚ ਛੇਤੀ ਪਹੁੰਚੇਗਾ ਨਹਿਰੀ ਪਾਣੀ; ਮੰਤਰੀ ਬਰਿੰਦਰ ਕੁਮਾਰ ਨੇ ਰੱਖਿਆ ਨੀਂਹ-ਪੱਥਰ; 2150 ਏਕੜ ਨੂੰ ਮਿਲੇਗਾ ਪਾਣੀ

0
52

 

ਸੰਗਰੂਰ ਅਧੀਨ ਆਉਂਦੇ ਲਹਿਰਾਗਾਗਾ ਦੇ ਪਿੰਡ ਕਾਲੀਆਂ ਦੇ ਕਿਸਾਨਾਂ ਨੂੰ ਛੇਤੀ ਹੀ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗੇਗੀ। ਇਸ ਦਾ ਨੀਂਹ ਪੱਥਰ ਬੀਤੇ ਦਿਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਰੱਖਿਆ। ਇਸ ਨਹਿਰ ਦੇ ਬਣਨ ਨਾਲ ਇਲਾਕੇ ਦੇ 2150 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਜਾਵੇਗੀ। 2 ਕਰੋੜ 15 ਲੱਗ 77 ਹਜ਼ਾਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਡੇਢ ਮਹੀਨੇ ਵਿਚ ਪੂਰਾ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਪਿੰਡ ਕਾਲੀਆ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਂਮਾਤਰ ਹੀ ਮਿਲਦਾ ਸੀ ਪਰ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਪਿੰਡ ਦੇ ਹਰ ਖੇਤ ਨੂੰ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ। ਸੂਬੇ ਵਿੱਚ ਜਿਹੜਾ ਨਹਿਰੀ ਪਾਣੀ ਪਹਿਲਾਂ ਸਿਰਫ਼ 21 ਫੀਸਦੀ ਵਰਤਿਆ ਜਾਂਦਾ ਸੀ ਹੁਣ 64 ਫੀਸਦੀ ਪਾਣੀ ਇਕੱਲੇ ਖੇਤਾਂ ਨੂੰ ਹੀ ਮਿਲਣ ਲੱਗਾ ਹੈ। ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਸਾਲ 3354 ਕਰੋੜ ਖਰਚੇ ਸੀ ਹੁਣ ਇਸ ਸਾਲ ਇਸਤੋਂ ਵੀ ਵੱਧ ਖਰਚ ਰਹੇ ਹਾਂ।
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1 ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਇਸ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਉਪਰ 1 ਕਰੋੜ 5 ਲੱਖ ਰੁਪਏ ਦਾ ਖਰਚਾ ਆਵੇਗਾ। ਮਾਈਨਰ ਦੀ ਪੁਰਾਣੀ ਲਾਈਨਿੰਗ ਨੂੰ ਲਗਭਗ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਜਿਸ ਕਰਕੇ ਲਾਈਨਿੰਗ ਥੋਥੀ ਅਤੇ ਕਮਜੋਰ ਹੋ ਚੁੱਕੀ ਸੀ। ਇਸ ਮਾਈਨਰ ਦੀ ਮੁੜ ਉਸਾਰੀ ਹੋਣ ਨਾਲ ਪਿੰਡ ਕਾਹਨਗੜ ਅਤੇ ਪਿੰਡ ਕਾਲੀਆ ਦਾ ਲਗਭਗ 1800 ਏਕੜ ਰਕਬੇ ਨੂੰ ਨਹਿਰੀ ਪਾਣੀ ਦਾ ਲਾਭ ਹੋਵੇਗਾ।
ਉਹਨਾਂ ਕਿਹਾ ਕਿ ਮਾਈਨਰ ਨੰਬਰ 1 ਉਪਰ ਮੌਜੂਦ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਇਸ ਖਾਲ ਦੀ ਕੁੱਲ ਲੰਬਾਈ 10326 ਫੁੱਟ ਹੈ। ਪਹਿਲਾਂ ਇਸ ਮੋਘੇ ਤੋਂ ਪਿੰਡ ਕਾਲੀਆ ਦੇ ਸਿਰਫ 30 ਏਕੜ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਅਤੇ ਹੁਣ ਇਸ ਖਾਲ ਦੇ ਬਣਨ ਨਾਲ ਪਿੰਡ ਕਾਲੀਆ ਦੇ 250 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਹੋਵੇਗਾ।
ਇਸੇ ਤਰ੍ਹਾਂ ਮਾਈਨਰ ਨੰਬਰ 1 ਦੀ ਬੁਰਜੀ 9416/ਖੱਬਾ ਤੇ ਮੌਜੂਦ ਮੋਘੇ ਤੋਂ 55.85 ਲੱਖ ਰੁਪਏ ਦੀ ਰਾਸ਼ੀ ਨਾਲ 2501 ਮੀਟਰ ਦੀ ਲੰਬਾਈ ਵਿਚ ਅੰਡਰ ਗਰਾਊਂਡ ਪਾਈਪ-ਲਾਈਨ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ। ਪਹਿਲਾਂ ਇਸ ਮੋਘੇ ਤੋਂ 320 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਮਿਲਦਾ ਸੀ ਅਤੇ ਇਸ ਪਾਈਪ ਲਾਈਨ ਪੈਣ ਨਾਲ ਲਗਭਗ 100 ਏਕੜ ਹੋਰ ਰਕਬੇ ਨੂੰ ਵੀ ਨਹਿਰੀ ਪਾਣੀ ਸਿੰਚਾਈ ਲਈ ਮੁਹੱਈਆ ਹੋਵੇਗਾ।

LEAVE A REPLY

Please enter your comment!
Please enter your name here