ਲੁਧਿਆਣਾ ’ਚ ਘਰ ਨੂੰ ਅੱਗ; ਜਾਨੀ ਨੁਕਸਾਨ ਤੋਂ ਬਚਾਅ, ਸਾਮਾਨ ਸੜ ਕੇ ਸੁਆਹ; ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
23

ਲੁਧਿਆਣਾ ਦੇ ਪਾਸ਼ ਇਲਾਕੇ ਨਿਊ ਮਾਡਲ ਟਾਊਨ ਵਿੱਚ ਅੱਜ ਤੜਕਸਾਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਐ। ਘਟਨਾ ਵੇਲੇ ਪਰਿਵਾਰ ਸੁੱਤਾ ਪਿਆ ਸੀ ਅਤੇ ਪਰਿਵਾਰ ਦੇ ਬੱਚੇ ਨੇ ਅੱਗ ਲੱਗੀ ਵੇਖ ਬਾਕੀ ਸੁੱਤੇ ਪਏ ਪਰਿਵਾਰ ਨੂੰ ਜਗਾ ਕੇ ਬਾਹਰ ਕੱਢਿਆ। ਅੱਗ ਨਾਲ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਰਿਹਾ ਐ ਪਰ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਨਿਊ ਮਾਡਲ ਟਾਊਨ ਦੇ ਇੱਕ ਘਰ ਵਿੱਚ ਵਾਪਰੀ। ਪਰਿਵਾਰਕ ਮੈਂਬਰ ਸਾਗਰ ਨਾਗਪਾਲ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਉਸਦਾ ਬੱਚਾ ਸੜਨ ਦੀ ਤੇਜ਼ ਬਦਬੂ ਨਾਲ ਜਾਗਿਆ ਤਾਂ ਉਸ ਨੇ ਬਾਕੀ ਸੁੱਤੇ ਪਏ ਪਰਿਵਾਰ ਨੂੰ ਜਗਾਇਆ। ਜਦੋਂ ਸਾਗਰ ਬਾਹਰ ਆਇਆ ਤਾਂ ਲਾਬੀ ਧੂੰਏਂ ਨਾਲ ਭਰੀ ਪਈ ਸੀ। ਉਸ ਨੇ ਆਪਣੇ ਪਿਤਾ ਦਾ ਬੰਦ ਕਮਰਾ ਖੋਲ੍ਹਿਆ ਤਾਂ ਉਸਨੇ ਅੰਦਰੋਂ ਭਾਰੀ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ। ਅੱਗ ਦੇਖ ਕੇ ਸਾਗਰ ਨੇ ਤੁਰੰਤ ਆਪਣੀ ਪਤਨੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜਗਾਇਆ ਅਤੇ ਜਲਦੀ ਨਾਲ ਘਰੋਂ ਸਾਰਿਆਂ ਨੂੰ ਬਾਹਰ ਕੱਢਿਆ।
ਜਿਵੇਂ ਹੀ ਪਰਿਵਾਰ ਬਾਹਰ ਆਇਆ, ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸਾਗਰ ਦੇ ਦੱਸਣ ਅਨੁਸਾਰ, ਜਿਸ ਕਮਰੇ ਵਿੱਚ ਅੱਗ ਲੱਗੀ ਸੀ, ਉਹ ਪਿਛਲੇ ਦੋ ਦਿਨਾਂ ਤੋਂ ਬੰਦ ਸੀ ਕਿਉਂਕਿ ਉਸਦੇ ਮਾਪੇ ਸ਼ਹਿਰ ਤੋਂ ਬਾਹਰ ਸਨ। ਮੁੱਢਲੇ ਅੰਦਾਜ਼ੇ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ।
ਅੱਗ ਇੰਨੀ ਭਿਆਨਕ ਸੀ ਕਿ ਇਹ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ। ਅੱਗ ਦੀਆਂ ਲਪਟਾਂ ਨੇ ਕਮਰੇ ਵਿੱਚ ਕੀਮਤੀ ਸਮਾਨ, ਜਿਵੇਂ ਕਿ ਪੱਖਾ, ਟੀਵੀ ਅਤੇ ਫਰਿੱਜ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੂਚਨਾ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਅੱਗ ਕਾਰਨ ਹੋਏ ਨੁਕਸਾਨ ਦੀ ਹੱਦ ਦਾ ਅੰਦਾਜ਼ਾ ਮਾਪਿਆਂ ਦੇ ਵਾਪਸ ਆਉਣ ਤੋਂ ਬਾਅਦ ਹੀ ਲਗਾਇਆ ਜਾਵੇਗਾ।

 

LEAVE A REPLY

Please enter your comment!
Please enter your name here