
ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਵਿੱਚ ਅੱਜ ਪਹਿਲੀ ਵਾਰ ਬਰਡ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਅਮਿਤ ਸ਼ਰਮਾ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਸ਼ਰਮਾ ਨੇ ਕਿਹਾ ਕਿ ਪੰਛੀਆਂ ਦੀ ਸੁਰੱਖਿਆ ਮਨੁੱਖਤਾ ਦੇ ਭਵਿੱਖ ਨਾਲ ਜੁੜੀ ਹੋਈ ਐ। ਉਨ੍ਹਾਂ ਕਿਹਾ ਕਿ ਪੰਛੀ ਕੀੜੇ-ਮਕੌੜੇ ਖਾ ਕੇ ਸਾਨੂੰ ਖੇਤੀ ਦੇ ਨੁਕਸਾਨ ਤੋਂ ਬਚਾਉਂਦੇ ਹਨ, ਉਵੇਂ ਹੀ ਉਹ ਸਾਡੇ ਜੀਵਨ ਦੇ ਸੁਰੱਖਿਅਤ ਚੱਕਰ ਦਾ ਅਹਿਮ ਹਿੱਸਾ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨਿਆਂ ਵਿੱਚ ਹੋਰ ਬਰਡ ਵਾਕ ਪ੍ਰੋਗਰਾਮ ਅਤੇ ਅਵੇਰਨੈਸ ਕੈਂਪੇਨ ਕਰਵਾਏ ਜਾਣਗੇ ਤਾਂ ਜੋ ਲੋਕ ਪੰਛੀਆਂ ਅਤੇ ਕੁਦਰਤ ਨਾਲ ਜੁੜ ਸਕਣ।
ਅਮਿਤ ਸ਼ਰਮਾ ਨੇ ਦੱਸਿਆ ਕਿ ਟੈਕਨੋਲੋਜੀ ਦੇ ਯੁੱਗ ਵਿੱਚ ਮਨੁੱਖ ਕੁਦਰਤ ਤੋਂ ਦੂਰ ਹੋ ਗਿਆ ਹੈ, ਪਰ ਪੰਛੀ ਸਾਡੇ ਇਕੋਸਿਸਟਮ ਦਾ ਅਟੁੱਟ ਹਿੱਸਾ ਹਨ। ਉਹ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ ਸਗੋਂ ਵਾਤਾਵਰਣ ਦਾ ਥਰਮਾਮੀਟਰ ਹਨ — ਜਿਹੜੇ ਸਾਨੂੰ ਸਭ ਤੋਂ ਪਹਿਲਾਂ ਦੱਸਦੇ ਹਨ ਕਿ ਸਾਡੇ ਆਲੇ ਦੁਆਲੇ ਦੇ ਮੌਸਮੀ ਤੇ ਵਾਤਾਵਰਣਕ ਬਦਲਾਅ ਕਿਹੜੇ ਪੱਧਰ ‘ਤੇ ਹੋ ਰਹੇ ਹਨ।
ਬਰਡ ਵਾਕ ਦੌਰਾਨ ਯੈਲੋ ਫੁੱਟਡ ਗ੍ਰੀਨ ਪਿਜਨ (ਮਹਾਰਾਸ਼ਟਰ ਦੀ ਸਟੇਟ ਬਰਡ), ਓਰੀਐਂਟਲ ਮੈਗਪਾਈ ਰਾਬਿਨ (ਬੰਗਲਾਦੇਸ਼ ਦਾ ਰਾਸ਼ਟਰੀ ਪੰਛੀ) ਤੇ ਵ੍ਹਾਈਟ ਬਿਲ ਡਕ ਵਰਗੀਆਂ ਕਈ ਸਥਾਨਕ ਤੇ ਮਾਈਗਰੇਟਰੀ ਪ੍ਰਜਾਤੀਆਂ ਦੇਖਣ ਨੂੰ ਮਿਲੀਆਂ। ਭਾਗੀਦਾਰਾਂ ਨੇ ਕੰਪਨੀ ਬਾਗ ਵਿੱਚ ਪੰਛੀਆਂ ਦੇ ਰੰਗ-ਰੂਪ ਤੇ ਉਨ੍ਹਾਂ ਦੇ ਵਿਹਾਰ ਦਾ ਅਨੁਭਵ ਕੀਤਾ।
ਇਸ ਮੌਕੇ ਫਾਰੈਸਟ ਡਿਪਾਰਟਮੈਂਟ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਫਾਰੈਸਟ ਵਿਭਾਗ ਸਿਰਫ਼ ਰੁੱਖ ਲਗਾਉਣ ਤੱਕ ਸੀਮਿਤ ਨਹੀਂ, ਸਗੋਂ ਵਾਇਲਡਲਾਈਫ ਅਤੇ ਵੈਟਲੈਂਡਸ ਦੇ ਸੰਰੱਖਣ ਲਈ ਵੀ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਫੋਰੈਸਟ ਪਾਲਿਸੀ ਮੁਤਾਬਕ ਦੇਸ਼ ਦੇ ਕੁੱਲ ਖੇਤਰਫਲ ਦਾ 33% ਹਿੱਸਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ, ਪਰ ਇਹ ਅਨੁਪਾਤ ਘਟ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਨਾਗਰਿਕ ਰੁੱਖ ਲਗਾਉਣ ਅਤੇ ਕੁਦਰਤ ਬਚਾਉਣ ਦੀ ਜ਼ਿੰਮੇਵਾਰੀ ਨਿਭਾਏ।
ਉਨ੍ਹਾਂ ਵੈਟਲੈਂਡਸ ਬਾਰੇ ਕਿਹਾ ਕਿ ਹਰੀਕੇ, ਕਾਂਜਲੀ, ਰੋਪੜ ਤੇ ਕੇਸ਼ੋਪੁਰ ਵਰਗੀਆਂ ਥਾਵਾਂ ਸਿਰਫ਼ ਪੰਛੀਆਂ ਦੇ ਆਵਾਸ ਸਥਾਨ ਨਹੀਂ ਸਗੋਂ ਗਰਾਊਂਡ ਵਾਟਰ ਰੀਚਾਰਜ ਅਤੇ ਪਾਣੀ ਦੀ ਸਪਲਾਈ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਨ ਹਨ। ਜਿਵੇਂ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਉਵੇਂ ਹੀ ਵੈਟਲੈਂਡਸ ਸਾਨੂੰ ਜੀਵਨ ਲਈ ਲੋੜੀਂਦਾ ਪਾਣੀ ਮੁਹੱਈਆ ਕਰਦੀਆਂ ਹਨ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਣ ਸੰਤੁਲਨ ਦੀ ਕੜੀ ਵਿੱਚ ਹਰ ਜੀਵ ਦੀ ਭੂਮਿਕਾ ਜਰੂਰੀ ਹੈ, ਅਤੇ ਜੇਕਰ ਇਸ ਕੜੀ ਦਾ ਇੱਕ ਹਿੱਸਾ ਵੀ ਖਤਮ ਹੋ ਜਾਵੇ, ਤਾਂ ਪੂਰਾ ਪ੍ਰਕਿਰਤੀਕ ਤੰਤ੍ਰ ਖਰਾਬ ਹੋ ਜਾਂਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਕਿਵੇਂ ਡਿਕਲੋਫੈਨਿਕ ਦਵਾਈ ਦੇ ਅਸਰ ਨਾਲ ਗਿੱਧ (ਵਲਚਰ) ਲਗਭਗ ਖਤਮ ਹੋ ਗਏ, ਜਿਸ ਨਾਲ ਵਾਤਾਵਰਣ ਵਿੱਚ ਗੰਦਗੀ ਤੇ ਬਿਮਾਰੀਆਂ ਵਧ ਗਈਆਂ। ਹੁਣ ਵਿਭਾਗ ਵੱਲੋਂ ਵਲਚਰ ਰੀ-ਬ੍ਰੀਡਿੰਗ ਪ੍ਰੋਜੈਕਟ ਰਾਹੀਂ ਉਨ੍ਹਾਂ ਨੂੰ ਮੁੜ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


