ਬਠਿੰਡਾ ਮੰਡੀ ’ਚ ਸਬਜ਼ੀ ਰੇਟਾਂ ਨੂੰ ਲੈ ਕੇ ਹੰਗਾਮਾ; ਸਮਾਜ ਸੇਵੀ ਰੇਟ ਕੰਟਰੋਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ; ਕਿਸਾਨਾਂ ਤੋਂ ਸਸਤੀ ਸਬਜ਼ੀ ਮਹਿੰਗੇ ਭਾਅ ਵੇਚਣ ਦੇ ਇਲਜ਼ਾਮ

0
19

 

ਬਠਿੰਡਾ ਸਬਜ਼ੀ ਮੰਡੀ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਬਜ਼ੀ ਦੇ ਅਸਮਾਨ ਛੂਹਦੇ ਰੇਟਾਂ ਨੂੰ ਲੈ ਕੇ ਮੰਡੀ ਦੇ ਆੜ੍ਹਤੀਏ ਤੇ ਸਮਾਜ ਸੇਵੀ ਵਿਜੇ ਕੁਮਾਰ ਆਹਮੋ ਸਾਹਮਣੇ ਹੋ ਗਏ। ਦਰਅਸਲ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਖਰੀਦੀ ਸਬਜ਼ੀ ਨੂੰ ਉੱਚੇ ਰੇਟਾਂ ’ਤੇ ਵੇਚਣ ਦੇ ਇਲਜਾਮ ਲਾਉਂਦਿਆਂ ਸਬਜੀ ਮੰਡੀ ਨੂੰ ਤਾਲਾ ਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਹ ਸਬਜ਼ੀ ਮੰਡੀ ਨੂੰ ਤਾਲਾ ਲਾਉਣ ਆਏ ਸਨ। ਵਿਜੇ ਕੁਮਾਰ ਦਾ ਇਲਜ਼ਾਮ ਐ ਕਿ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਨੇ ਜਦਕਿ ਪ੍ਰਸ਼ਾਸਨ ਰੇਟ ਕੰਟਰੋਲ ਕਰਨ ਦੀ ਥਾਂ ਮੂਕ ਦਰਸ਼ਕ ਬਣਿਆ ਹੋਇਆ ਐ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਖਰੀਦੇ ਰੇਟਾਂ ਦੇ ਹਿਸਾਬ ਨਾਲ ਸਬਜ਼ੀਆਂ ਦੇ ਰੇਟ ਤੈਅ ਕਰਨ ਦੀ ਮੰਗ ਕੀਤੀ।
ਦੱਸਣਯੋਗ ਐ ਕਿ ਆਮ ਲੋਕਾਂ ਅਤੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਸਬਜ਼ੀ ਦੇ ਵਧ ਰਹੇ ਰੇਟਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੰਨਾ ਵੱਲੋਂ ਅੱਜ ਵਧ ਰਹੇ ਰੇਟਾਂ ਖਿਲਾਫ ਸਬਜ਼ੀ ਮੰਡੀ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਜਦੋਂ ਸਮਾਜ ਸੇਵੀ ਵਿਜੇ ਕੁਮਾਰ ਆਪਣੇ ਸਾਥੀਆਂ ਸਮੇਤ ਸਬਜ਼ੀ ਮੰਡੀ ਨੂੰ ਜਿੰਦਾ ਲਗਾਉਣ ਪੁੱਜੇ ਤਾਂ ਸਬਜ਼ੀ ਆੜਤੀਏ ਅਤੇ ਵਿਜੇ ਕੁਮਾਰ ਆਹਮੋ ਸਾਹਮਣੇ ਹੋ ਗਏ।
ਮੌਕੇ ਤੇ ਮੌਜੂਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਤਨਾਪੂਰਨ ਬਣ ਗਈ। ਵਿਜੇ ਕੁਮਾਰ ਦਾ ਇਲਜਾਮ ਐ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆਮ ਅਤੇ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਹੈ ਅਤੇ ਸਬਜ਼ੀ ਉਨਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਦਾ ਫਾਇਦਾ ਕਿਸਾਨਾਂ ਨੂੰ ਵੀ ਨਹੀਂ ਹੋ ਰਿਹਾ ਕਿਉਂਕਿ ਕਿਸਾਨਾਂ ਦੀ ਸਬਜ਼ੀ ਵੀ ਕੌਡੀਆਂ ਦੇ ਭਾਅ ਵਿਕ ਰਹੀ ਹੈ ਪਰ ਉਸ ਨੂੰ ਮਾਰਕੀਟ ਵਿੱਚ ਮਹਿੰਗੇ ਭਾਅ ਤੇ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਵਿਜੇ ਕੁਮਾਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਹੱਥ ਖੜੇ ਕਰ ਰਹੇ ਹਨ। ਉਹਨਾਂ ਕਿਹਾ ਕਿ ਕਰੋਨਾ ਕਾਲ ਸਮੇਂ ਵੀ ਸਬਜ਼ੀਆਂ ਦੇ ਭਾਅ ਤੈਅ ਕੀਤੇ ਗਏ ਸਨ, ਉਸੇ ਤਰਜ ਤੇ ਸਬਜ਼ੀਆਂ ਦੇ ਰੇਟ ਤੈਅ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਉਧਰ ਦੂਜੇ ਪਾਸੇ ਸਬਜ਼ੀਆਂ ਦੇ ਆੜਤੀਏ ਦੇ ਆਗੂਆਂ ਨੇ ਕਿਹਾ ਕਿ ਉਹ ਕੁਝ ਕਮਿਸ਼ਨ ਤੇ ਕੰਮ ਕਰਦੇ ਹਨ, ਜੋ ਰੇਟ ਆਉਂਦਾ ਹੈ ਉਸ ਵਿੱਚੋਂ ਅਸੀਂ ਆਪਣਾ ਕਮਿਸ਼ਨ ਰੱਖ ਅੱਗੇ ਵੇਚਦੇ ਹਾਂ ਜੋ ਅੱਗੇ ਖਰੀਦਦੇ ਹਨ ਉਹ ਰਿਟੇਲ ਵਾਲੇ ਹੁੰਦੇ ਹਨ, ਉਹਨਾਂ ਤੋਂ ਪੁੱਛਿਆ ਜਾਵੇ ਕਿਉਂਕਿ ਉਹ ਵੱਧ ਪੈਸੇ ਲੈਂਦੇ ਹਨ। ਇਸ ਪੂਰੇ ਮਾਮਲੇ ਤੇ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਹਾ ਹੈ ਕਿ ਇਸ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਜਿਵੇਂ ਚੱਲਦਾ ਹੈ ਉਵੇਂ ਹੀ ਚੱਲੇਗਾ। ਪੰਜਾਬ ਵਿੱਚ ਕਿਤੇ ਅਜਿਹਾ ਨਹੀਂ ਹੈ, ਇਸ ਲਈ ਅਸੀਂ ਇਸ ਮੁੱਦੇ ਤੇ ਫਿਲਹਾਲ ਕੁੱਝ ਨਹੀਂ ਕਰ ਸਕਦੇ।

LEAVE A REPLY

Please enter your comment!
Please enter your name here