
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹੋਈ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਅਲੌਕਿਕ ਰੂਪ ਦੇ ਦਿੱਤਾ। ਆਤਿਸ਼ਬਾਜ਼ੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਸੰਗਤਾਂ ਵੱਲੋਂ ਸੁੰਦਰ ਦੀਪਮਾਲਾ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਦੇਸੀ ਘਿਉਂ ਦੇ ਜਗਾਏ ਗਏ, ਜਿਸ ਕਾਰਨ ਸਰੋਵਰ ਦੇ ਪਾਣੀ ਅੰਦਰ ਮਨਮੋਹਕ ਪ੍ਰਤਿਬਿੰਬ ਬਣਿਆ ਹੋਇਆ ਸੀ। ਦਰਬਾਰ ਸਾਹਿਬ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਹੋਇਆ ਸੀ, ਜਿਸ ਦਾ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਭਾਵ ਨਾਲ ਆਨੰਦ ਮਾਣਿਆ।
ਇਹ ਮੰਜ਼ਰ ਇਸ ਕਦਰ ਰੂਹਾਨੀ ਸੀ ਕਿ ਹਰ ਕੋਈ ਸ਼ਾਂਤੀ ਅਤੇ ਆਤਮਕ ਅਨੁਭੂਤੀ ਵਿੱਚ ਡੁੱਬਿਆ ਰਹਿ ਗਿਆ। ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਵਾਲੀ ਸੰਗਤ ਦਰਬਾਰ ਸਾਹਿਬ ਦੇ ਦਰਸ਼ਨ ਕਰਦੀ ਰਹੀ। ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਮਾਹੌਲ ਇੱਥੇ ਸਿਰਫ਼ ਤਿਉਹਾਰ ਨਹੀਂ, ਸਗੋਂ ਆਤਮਾ ਨੂੰ ਪਵਿੱਤਰ ਕਰਨ ਵਾਲਾ ਅਨੁਭਵ ਹੈ। ਸੰਗਤ ਨੇ ਅਜਿਹੇ ਸੁਭਾਗੇ ਸਮੇਂ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਪ੍ਰਕਾਸ਼, ਭਾਵਨਾ, ਸਿਮਰਨ ਅਤੇ ਸਾਰੇ ਧਰਨਾ ਦੀ ਲੁਕਾਈ ਦਾ ਅਜਿਹਾ ਇਕੱਠ ਕਿਤੇ ਵੀ ਹੋਰ ਵੇਖਣ ਨੂੰ ਨਹੀਂ ਮਿਲਦਾ।


