ਪੰਜਾਬ ਬਠਿੰਡਾ ਦੇ ਪਿੰਡ ਬਾਂਡੀ ’ਚ ਨਸ਼ੇ ਨਾਲ ਦੋ ਮੌਤਾਂ; ਦੋ ਨੌਜਵਾਨਾਂ ਦੀ ਇਕੱਠੇ ਮੌਤ ਬਾਅਦ ਸੋਗ ਦੀ ਲਹਿਰ; ਇਲਾਕੇ ਅੰਦਰ ਸ਼ਰੇਆਮ ਨਸ਼ਾ ਵਿੱਕਣ ਦੇ ਇਲਜ਼ਾਮ By admin - November 5, 2025 0 13 Facebook Twitter Pinterest WhatsApp ਬਠਿੰਡਾ ਦੇ ਪਿੰਡ ਬਾਂਡੀ ਵਿਖੇ ਬੀਤੇ ਦਿਨ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਦਾ ਮੁੱਦਾ ਗਰਮਾ ਗਿਆ ਐ। ਪਿੰਡ ਵਾਸੀ ਨੌਜਵਾਨਾਂ ਦੀ ਮੌਤ ਲਈ ਨਸ਼ਿਆਂ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਜਦਕਿ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਕਾਰਨ ਮੌਤ ਹੋਣ ਦੇ ਪੁਖਤਾ ਸਬੂਤ ਨਾ ਹੋਣ ਦੀ ਗੱਲ ਕਹੀ ਐ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਕਾਲੀ ਵਜੋਂ ਹੋਈ ਐ। ਫਿਲਹਾਲ ਪਿੰਡ ਵਿਚ ਸੋਗ ਦੀ ਲਹਿਰ ਐ। ਲੋਕਾਂ ਦੇ ਦੱਸਣ ਮੁਤਾਬਕ ਪਿੰਡ ਵਿਚ ਨਸ਼ੇ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਐ। ਬਠਿੰਡਾ ਦਿਹਾਤੀ ਦੇ ਡੀਐਸਪੀ ਹਰਿੰਦਰ ਸਿੰਘ ਸਰਾਂ ਨੇ ਮਾਮਲੇ ਦੀ ਜਾਂਚ ਤੋਂ ਬਾਦ ਬਣਦੀ ਕਾਰਵਾਈ ਦੀ ਭਰੋਸਾ ਦਿੱਤਾ ਐ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਦੋ ਸਾਲਾਂ ’ਚ ਇਸ ਪਿੰਡ ’ਚ ਨਸ਼ੇ ਕਾਰਨ ਇਕ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਪਿੰਡ ’ਚ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਨੇ ਉਨ੍ਹਾਂ ਦਾ ਪੁਲਿਸ ਨੂੰ ਸਭ ਪਤਾ ਹੈ, ਪ੍ਰੰਤੂ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਹੜੇ ਹੁਣ ਦੋ ਨੌਜਵਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਇਕ ਨੌਜਵਾਨ ਦੇ ਭਰਾ ਦੀ ਵੀ ਦੋ ਸਾਲ ਪਹਿਲਾਂ ਨਸ਼ੇ ਕਾਰਨ ਕਾਰਨ ਮੌਤ ਹੋ ਚੁੱਕੀ ਹੈ, ਹੁਣ ਘਰ ’ਚ ਸਿਰਫ਼ ਮਾਂ-ਪਿਓ ਹੀ ਬਾਕੀ ਰਹਿ ਗਏ ਹਨ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਿੱਟਾ ਜ਼ਿਆਦਾ ਮਹਿੰਗਾ ਹੋਣ ਕਾਰਨ ਹੁਣ ਨੌਜਵਾਨ ਨਸ਼ੇ ਦੀ ਇਕ ਗੋਲੀ ਖਰੀਦਦੇ ਹਨ, ਜਿਸ ਨੂੰ ਉਹ ਪੀਸ ਕੇ ਉਸ ਦਾ ਘੋਲ ਬਣਾ ਕੇ ਟੀਕਾ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਰਹੀ ਹੈ। ਇਹ ਗੋਲੀ ਪਿੰਡ ’ਚ ਇਕ ਵਿਅਕਤੀ ਵੇਚਦਾ ਹੈ, ਜਿਸ ਦਾ ਪੁਲਿਸ ਨੂੰ ਪਤਾ ਹੈ, ਪ੍ਰੰਤੂ ਉਸ ਤੇ ਕੋਈ ਕਾਰਵਾਈ ਨਾ ਕਰਨਾ ਸਮਝ ਤੋਂ ਪਰੇ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਨਸ਼ਾ ਕਰਨ ਨਾਲ ਮਰ ਰਹੇ ਹਨ ਉਹ ਸਾਰੇ ਗਰੀਬ ਘਰਾਂ ਦੇ ਲੜਕੇ ਹਨ, ਜੋ ਦਿਹਾੜੀਦਾਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ 20 ਦਿਨ ਪਹਿਲਾ ਵੀ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਡਰਾਮਾ ਕਰਾਰ ਦਿੰਦਿਆਂ ਦੱਸਿਆ ਕਿ ਪਿੰਡਾਂ ’ਚ ਪਹਿਲਾ ਦੀ ਤਰ੍ਹਾਂ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ, ਜੇਕਰ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਖਿਲਾਫ਼ ਕੋਈ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਉਹ ਥੋੜ੍ਹਾ ਸਮਾਂ ਜੇਲ੍ਹ ’ਚ ਲਗਾ ਕੇ ਫਿਰ ਪਿੰਡ ’ਚ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਂ ਪੁਲਿਸ ਨੇ 3 ਗ੍ਰਾਮ ਚਿੱਟਾ ਫੜ੍ਹੇ ਜਾਣ ਤੋਂ ਤੁਰੰਤ ਬਾਅਦ ਹੀ ਦੋਸ਼ੀ ਨੂੰ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਜਾਣ ਲੱਗ ਪਿਆ, ਜਿਸ ਕਾਰਨ ਨਸ਼ੇ ਦੇ ਸੌਦਾਗਰਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ। ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਹੈ। ਉਨ੍ਹਾਂ ’ਚੋਂ ਇਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਨਸ਼ੇ ਕਾਰਨ ਨਹੀਂ ਬਲਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਦੂਸਰਾ ਨੌਜਵਾਨ ਵੀ ਪਿੰਡ ਤੋਂ ਬਾਹਰ ਨਰਮੇ ਦੀਆਂ ਛਟੀਆਂ ਪੁੱਟ ਰਿਹਾ ਸੀ, ਸ਼ਾਮ ਨੂੰ ਘਰ ਆਇਆ ਤੇ ਸੁੱਤਾ ਪਿਆ ਹੀ ਰਹਿ ਗਿਆ। ਉਨ੍ਹਾਂ ਦੱਸਿਆ ਕਿ ਹੋਰਨਾ ਪਿੰਡਾਂ ਦੇ ਮੁਕਾਬਲੇ ਉਨ੍ਹਾਂ ਦੇ ਪਿੰਡ ’ਚ ਨਸ਼ਾ ਬਹੁਤ ਘੱਟ ਹੈ। ਪੰਚਾਇਤ ਨੇ ਨਸ਼ਾ ਵੇਚਣ ਵਾਲੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰਵਾਇਆ ਸੀ, ਪ੍ਰੰਤੂ ਉਨ੍ਹਾਂ ਦੇ ਵਿਰੋਧੀ ਨਸ਼ੇ ਦੇ ਸਮਗਲਰਾਂ ਦੀ ਜਮਾਨਤ ਕਰਵਾ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਦੀ ਦੀਵਾਲੀ ਤੋਂ ਪਹਿਲਾ ਮੌਤ ਹੋਈ ਹੈ। ਉਹ ਵੀ ਪਿੰਡੋਂ ਬਾਹਰ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਮਰਨ ਵਾਲੇ ਦੋਵੇਂ ਨੌਜਵਾਨ ਨਸ਼ੇੜੀ ਸਨ। ਕਿਸੇ ਕਾਰਨ ਕਰਕੇ ਨਹੀਂ ਸਗੋਂ ਕੁਦਰਤੀ ਮੌਤ ਸੀ। ਇੱਕ ਨੌਜਵਾਨ ਬਿਮਾਰ ਸੀ, ਜਦੋਂ ਕਿ ਦੂਜੇ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਦੋਵੇਂ ਮ੍ਰਿਤਕ ਮਜ਼ਦੂਰੀ ਕਰਦੇ ਸਨ, ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।