
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦਾ ਪੰਜਾਬ ਸਰਕਾਰ ਨੇ ਸਖਤ ਨੋਟਿਸ ਲਿਆ ਐ। ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਕਰਾਰ ਦਿੰਦਆਂ ਹਰ ਪੱਧਰ ਦੀ ਲੜਾਈ ਲੜਣ ਦਾ ਐਲਾਨ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਡੇਅ ਵਾਲੇ ਦਿਨ ਪੰਜਾਬ ਵਿਰੋਧੀ ਫੈਸਲਾ ਲੈ ਕੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਐ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਫੀ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਤੇ ਕਬਜੇ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਬਣਾਏ ਗਏ ਵਿਧਾਨ ਮੁਤਾਬਕ ਚੁਣੀ ਜਾਂਦੀ ਸੈਨੇਟ ਨੂੰ ਕੇਂਦਰ ਸਰਕਾਰ ਇਕ ਨੋਟੀਫਿਕੇਸ਼ਨ ਰਾਹੀਂ ਤੋੜ ਨਹੀਂ ਸਕਦੀ, ਇਸ ਲਈ ਉਹ ਫੈਸਲੇ ਖਿਲਾਫ ਕਾਨੂੰਨੀ ਲੜਾਈ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਤਕ ਪਹੁੰਚ ਕਰਨਗੇ ਅਤੇ ਕਿਸੇ ਵੀ ਹਾਲਤ ਵਿਚ ਭਾਜਪਾ ਨੂੰ ਪੰਜਾਬ ਯੂਨੀਵਰਸਿਟੀ ਤੇ ਕਾਬਜ ਨਹੀਂ ਹੋਣ ਦੇਣਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਇਸ ‘ਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖ਼ਤਮ ਕਰਨ ਦੇ ਭਾਜਪਾ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ‘ਚ ਅਸੀਂ ਨਿੰਦਾ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ।
ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਅਤੇ ਇਸ ਨੂੰ ਸੰਭਾਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਸਾਨੂੰ ਹਾਈਕੋਰਟ-ਸੁਪਰੀਮ ਕੋਰਟ ਜਾਣਾ ਪਿਆ, ਅਸੀਂ ਉੱਥੇ ਵੀ ਜਾਵਾਂਗੇ, ਕਾਨੂੰਨੀ ਮਾਹਰਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਅਤੇ ਇਹ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਭਾਜਪਾ ਦਾ ਇਹ ਫ਼ੈਸਲੇ ਪੂਰੀ ਤਰ੍ਹਾਂ ਗੈਰ-ਸੰਵਿਧਾਨਿਕ ਹੈ। ਜਿਹੜਾ ਐਕਟ ਵਿਧਾਨ ਸਭਾ ‘ਚ ਬਣਿਆ ਹੋਵੇ, ਉਸ ਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕਰ ਸਕਦੀ।
ਇਸ ਫ਼ੈਸਲੇ ਨਾਲ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਹੈ। ਇਨ੍ਹਾਂ ਨੇ ਆਪਣੇ ਦਿਲ ‘ਚ ਪੰਜਾਬ ਪ੍ਰਤੀ ਨਫ਼ਰਤ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਅਨਿਆ ਖ਼ਿਲਾਫ਼ ਆਵਾਜ਼ਾ ਚੁੱਕਾਂਗੇ ਅਤੇ ਵੱਡੇ-ਵੱਡੇ ਵਕੀਲ ਹਾਇਰ ਕਰਾਂਗੇ ਅਤੇ ਪੰਜਾਬ ਦੇ ਹੱਕ ਦੀ ਲੜਾਈ ਹਰ ਪੱਧਰ ’ਤੇ ਲੜਾਂਗੇ।

