ਜਲੰਧਰ ’ਚ ਦਿਨ-ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ; ਲੁਟੇਰੇ ਲੱਖਾਂ ਰੁਪੈ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ

0
43

 

ਜਲੰਧਰ ਦੇ ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਖੇਤਰ ਵਿੱਚ ਅੱਜ ਉਸ ਵੇਲੇ ਤਰਥੱਲੀ ਮੱਚ ਗਈ ਜਦੋਂ ਵਿਜੇ ਜਿਊਲਰਜ਼ ਨਾਮ ਦੀ ਦੁਕਾਨ ਤੇ ਆਏ ਤਿੰਨ ਹਥਿਆਰਬੰਦ ਲੁਟੇਰੇ ਹਥਿਆਰ ਦਿਖਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਖ਼ਬਰ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਲੁੱਟ ਦੀ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਪੁਲਿਸ ਨੇ  ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਸੁਰਾਗ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਤਿੰਨ ਲੁਟੇਰੇ ਹੱਥਾਂ ਵਿਚ ਪਿਸਟਲ ਤੇ ਤੇਜ਼ਧਾਰ ਹਥਿਆਰ ਫੜ ਕੇ ਦੁਕਾਨ ਵਿੱਚ ਦਾਖਲ ਹੋ ਰਹੇ ਨੇ, ਜਿਨ੍ਹਾਂ ਨੂੰ ਵੇਖ ਕੇ ਦੁਕਾਨ ਮਾਲਕ ਦਾ ਪੁੱਤਰ ਘਬਰਾ ਗਿਆ ਅਤੇ ਉੱਚੀ ਆਵਾਜ਼ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ, ਜਦਕਿ ਹੋਰ ਦੋ ਸਾਥੀ ਸ਼ੋਅ-ਕੇਸਾਂ ਵਿੱਚੋਂ ਗਹਿਣੇ ਸਮੇਟਣ ਲੱਗ ਪਏ। ਲੁਟੇਰਿਆਂ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਗਹਿਣੇ ਕੱਢੇ ਤੇ ਦੁਕਾਨ ਮਾਲਕ ਨੂੰ ਪਿਸਤੌਲ ਤਾਣ ਕੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ। ਤਿਜੋਰੀ ਵਿੱਚੋਂ ਨਕਦੀ ਕੱਢਣ ਤੋਂ ਬਾਅਦ ਉਹ ਹੋਰ ਸੋਨੇ ਦੇ ਗਹਿਣੇ ਵੀ ਬੈਗਾਂ ਵਿੱਚ ਪਾ ਲੈ ਗਏ। ਸਾਰੀ ਵਾਰਦਾਤ ਸਿਰਫ਼ ਦੋ ਮਿੰਟਾਂ ਦੇ ਅੰਦਰ ਹੋਈ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਲਗਭਗ ਦੋ ਲੱਖ ਰੁਪਏ ਦੀ ਨਕਦੀ ਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਲੈ ਕੇ ਚਲੇ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ-ਦਿਹਾੜੇ ਭਰੇ ਬਜ਼ਾਰ ਵਿੱਚ ਬੰਦੂਕ ਦੀ ਨੋਕ ’ਤੇ ਲੁੱਟ ਦੀ ਇਹ ਘਟਨਾ ਪੁਲਿਸ ਪ੍ਰਬੰਧਾਂ ਦੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ। ਸੁਨਿਆਰਾ ਭਾਈਚਾਰਾ ਤੇ ਵਪਾਰ ਮੰਡਲਾਂ ਨੇ ਪੁਲਿਸ ਵਿਰੁੱਧ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਪਰਾਧਕ ਤੱਤ ਬੇਖੌਫ਼ ਹੋ ਚੁੱਕੇ ਹਨ ਤੇ ਹੁਣ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ।
ਵਪਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਲੁਟੇਰਿਆਂ ਵੱਲੋਂ ਘਟਨਾ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਗਈ ਸੀ। ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਕੁੱਲ ਪੰਜ ਵਿਅਕਤੀ ਸਨ — ਤਿੰਨ ਦੁਕਾਨ ਦੇ ਅੰਦਰ ਦਾਖਲ ਹੋਏ ਜਦਕਿ ਦੋ ਬਾਹਰ ਖੜ੍ਹੇ ਰਹੇ। ਅੰਦਰ ਦਾਖਲ ਹੋਏ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਉਨ੍ਹਾਂ ਨੇ ਦੁਕਾਨਦਾਰ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ। ਬਾਜ਼ਾਰ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਹੋਰ ਦੁਕਾਨਦਾਰਾਂ ਨੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਫੜੇ ਨਹੀਂ ਜਾ ਸਕੇ। ਸੁਨਿਆਰਾ ਬਾਜ਼ਾਰ ਦੇ ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here