ਮੰਡੀ ਗੋਬਿੰਦਗੜ੍ਹ ’ਚ ਸਕਰੈਪ ਗੋਦਾਮ ਨੂੰ ਅੱਗ; ਅੱਗ ਨਾਲ ਲੱਖਾਂ ਰੁਪਏ ਦਾ ਹੋਇਆ ਨੁਕਸਾਨ

0
19

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਮਾਹੌਲ ਉਸ ਵੇਲੇ ਅਫ਼ਰਾ-ਤਫ਼ਰੀ ਵਾਲਾ ਬਣ ਗਿਆ ਜਦੋਂ ਇਥੇ ਸਥਿਤ ਇਕ ਸਕਰੈਪ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਇਲਾਕੇ ਦੇ ਕੌਂਸਲਰ ਨੇ ਰਿਹਾਇਸ਼ੀ ਇਲਾਕੇ ਅੰਦਰ ਗੋਦਾਮ ਬਣਨ ਤੇ ਸਵਾਲ ਖੜ੍ਹੇ ਕੀਤੇ ਨੇ। ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਅੱਗ ਨਾਲ ਗੋਦਾਮ ਅੰਦਰ ਪਏ ਸਾਮਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਐ। ਫਾਇਰ ਬ੍ਰਿਗੇਡ ਵੱਲੋਂ ਸਮੇਂ ਸਿਰ ਕਾਬੂ ਪਾ ਲੈਣ ਨਾਲ ਵੱਡਾ ਹਾਦਸਾ ਟੱਲ ਗਿਆ ਐ।
ਇਸ ਇਲਾਕੇ ਦੇ ਕੌਂਸਲਰ ਪੁਨੀਤ ਗੋਇਲ ਨੇ ਰਿਹਾਇਸ਼ੀ ਖੇਤਰ ਵਿੱਚ ਬਣੇ ਅਜਿਹੇ ਸਕਰੈਪ ਸਟੋਰਾਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਅੱਜ ਤੋਂ ਤਕਰੀਬਨ ਪੰਜ ਸਾਲ ਪਹਿਲਾਂ ਵੀ ਇਸੇ ਏਰੀਏ ਵਿੱਚ ਸਕਰੈਪ ਸਟੋਰਾਂ ਵਿੱਚ ਅੱਗ ਲੱਗ ਗਈ ਸੀ ਪ੍ਰੰਤੂ ਫਿਰ ਵੀ ਇਹਨਾਂ ਸਕਰੈਪ ਸਟੋਰਾਂ ਨੂੰ ਰਿਹਾਇਸ਼ੀ ਖੇਤਰਾਂ ਵਿੱਚੋਂ ਬਾਹਰ ਨਹੀਂ ਲਜਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚਦੀਆਂ ਤਾਂ ਰਿਹਾਇਸ਼ੀ ਖੇਤਰ ਵਿੱਚ ਵੀ ਅੱਗ ਨਾਲ ਕਾਫੀ ਨੁਕਸਾਨ ਹੋ ਸਕਦਾ ਸੀ।
ਉਧਰ ਸਕਰੈਪ ਸਟੋਰ ਦੇ ਮਾਲਕ ਬਾਬੂ ਰਾਮ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਕਿ ਸਟੋਰ ਵਿੱਚ ਪਿਆ ਗਤੇ ਤੇ ਪਲਾਸਟਿਕ ਪੂਰੀ ਤਰ੍ਹਾਂ ਅੱਗ ਨਾਲ ਸੜ ਗਿਆ। ਉਹਨਾਂ ਦੱਸਿਆ ਕਿ ਜਦੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਤਾਂ ਉਹ ਉਸ ਟਾਈਮ ਦੁਕਾਨ ਵਿੱਚ ਹੀ ਬੈਠੇ ਸਨ ਤੇ ਜਦੋਂ ਧੂਆਂ ਨਿਕਲਦਾ ਦਿਖਿਆ ਤਾਂ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਤੇ ਵੱਧਦੇ ਹੀ ਅੱਗ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫਾਇਰ ਆਫਿਸਰ ਪ੍ਰਦੀਪ ਸਿੰਘ ਨੇ ਕਿਹਾ ਕਿ ਅੱਗ ਐਨੀ ਭਿਆਨਕ ਸੀ ਕਿ ਦੋ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ, ਜਦੋਂ ਕਿ ਇਸ ਅੱਗ ਦੇ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

LEAVE A REPLY

Please enter your comment!
Please enter your name here