ਦਰਬਾਰ ਸਾਹਿਬ ਨਤਮਸਤਕ ਹੋਈ ਫਿਲਮ ਦੀ ਸਟਾਰਕਾਸਟ; ਫਿਲਮ ‘ਇੱਕ ਕੁੜੀ’ ਦੀ ਸਫਲਤਾ ਲਈ ਕੀਤੀ ਅਰਦਾਸ

0
26

ਪੰਜਾਬੀ ਫਿਲਮ ‘ਇੱਕ ਕੁੜੀ’ ਦੀ ਸਟਾਰਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਫਿਲਮ ਦੀ ਮੁੱਖ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਆਪਣੀ ਨਵੀਂ ਫਿਲਮ ਦੀ ਚੜ੍ਹਦੀ ਕਲਾ ਅਤੇ ਸਫਲਤਾ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਅਸੀਂ ਗੁਰੂ ਦੀ ਨਗਰੀ ਆਏ ਹਾਂ ਤਾਂ ਜੋ ਆਪਣੀ ਫਿਲਮ ਲਈ ਵਾਹਿਗੁਰੂ ਦੀ ਅਸ਼ੀਰਵਾਦ ਲੈ ਸਕੀਏ।
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਫਿਲਮ ‘ਇੱਕ ਕੁੜੀ’ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸੁਪਰ ਡੁਪਰ ਹਿੱਟ ਹੋਵੇ। ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ। “ਪਹਿਲਾਂ ਮੈਂ ਇੱਥੇ ਆਈ ਸੀ, ਹੁਣ ਮੇਰਾ ਭਰਾ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਰੌਣਕਾਂ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਸਨੂੰ ਸਪੋਰਟ ਕਰੋ।
ਫਿਲਮ ਦੇ ਬਾਰੇ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਦੱਸਿਆ ਕਿ “ਇੱਕ ਕੁੜੀ” ਵਿੱਚ 1950 ਤੋਂ 2025 ਤੱਕ ਦੀ ਕਹਾਣੀ ਦਿਖਾਈ ਗਈ ਹੈ, ਜੋ ਦਰਸ਼ਕਾਂ ਨੂੰ ਕਈ ਸ਼ੇਡਸ ਵਿਚਕਾਰ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਹੋਈ ਹੈ ਅਤੇ ਪੂਰਾ ਪੰਜਾਬੀ ਮਾਹੌਲ ਬਣਾਇਆ ਗਿਆ ਹੈ। ਜਦੋਂ ਤੁਸੀਂ ਇਸਨੂੰ ਦੇਖੋਗੇ, ਤੁਹਾਨੂੰ ਮਹਿਸੂਸ ਹੋਵੇਗਾ ਕਿ ਇਹ ਪੰਜਾਬ ਦੀ ਮਿੱਟੀ ਨਾਲ ਜੁੜੀ ਕਹਾਣੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਪੰਜਾਬ ਦੇ ਹਾਲਾਤਾਂ ਕਰਕੇ ਇਸਦੀ ਤਾਰੀਕ ਬਦਲ ਕੇ ਹੁਣ 31 ਅਕਤੂਬਰ ਰੱਖੀ ਗਈ ਹੈ। ਸ਼ਹਿਨਾਜ਼ ਗਿੱਲ ਨੇ ਅੰਤ ਵਿੱਚ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਜਮੀਨੀ ਪੱਧਰ ‘ਤੇ ਮਿਲ ਕੇ ਇਸ ਪ੍ਰੋਜੈਕਟ ਵਿੱਚ ਮਦਦ ਕੀਤੀ ਹੈ ਅਤੇ “ਸਾਡੀ ਪੂਰੀ ਟੀਮ ਨੇ ਦਿਲੋਂ ਮਿਹਨਤ ਕੀਤੀ ਹੈ ਤਾਂ ਜੋ ਪੰਜਾਬੀ ਸਿਨੇਮਾ ਨੂੰ ਇਕ ਨਵੀਂ ਉਚਾਈ ਮਿਲ ਸਕੇ।”

LEAVE A REPLY

Please enter your comment!
Please enter your name here