
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਥਕ ਰਵਾਇਤਾਂ ਅਨੁਸਾਰ ਇੱਕ ਵਾਰ ਫਿਰ ਦਸਤਾਰ ਸਜਾਈ ਗਈ ਐ। ਉਨ੍ਹਾਂ ਦੀ ਮੁੜ ਦਸਤਾਰਬੰਦੀ ਤੋਂ ਬਾਅਦ ਉਨ੍ਹਾਂ ਦੀ ਪਹਿਲਾਂ ਨਿਯੁਕਤੀ ਸਮੇਂ ਪੈਦਾ ਹੋਇਆ ਵਿਵਾਦ 8 ਮਹੀਨਿਆਂ ਬਾਅਦ ਸਮਾਪਤ ਹੋ ਗਿਆ ਐ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੀਆਂ ਸਿੱਖ ਜਥਿਆਂ ਨੂੰ ਇੱਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਿੱਚ ਹੋ ਰਹੇ ਧਾਰਮਿਕ ਪਰਿਵਰਤਨਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਐ।
ਦੱਸਣਯੋਗ ਐ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ 10 ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਅਤੇ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਜਥੇਦਾਰ ਗੜਗੱਜ ਨੂੰ ਦਸਤਾਰ ਸਜਾਈ ਸੀ, ਜਿਸ ਕਾਰਨ ਕਈ ਪੰਥਕ ਜਥਿਆਂ ਅਤੇ ਸੰਪਰਦਾਵਾਂ ਨੂੰ ਗੁੱਸਾ ਸੀ। ਚੱਲ ਰਹੀਆਂ ਖਬਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਵੀ ਜਥੇਦਾਰ ਗੜਗੱਜ ਦੀ ਨਿਯੁਕਤੀ ਸਵੀਕਾਰ ਕਰ ਲਿਆ ਐ।
ਸੂਤਰਾਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥ ਅੰਦਰ ਆਪਣੀ ਕਮਜ਼ੋਰ ਪਕੜ ਨੂੰ ਮੁੜ ਮਜ਼ਬੂਤ ਕਰਨ ਲਈ 10 ਮਾਰਚ ਦੀ ਅੱਧੀ ਰਾਤ ਨੂੰ ਗੜਗੱਜ ਨੂੰ ਗੁਪਤ ਰੂਪ ਵਿੱਚ ਜਥੇਦਾਰ ਨਿਯੁਕਤ ਕੀਤਾ ਸੀ। ਹਾਲਾਂਕਿ, ਜਦੋਂ ਇਸਦਾ ਵਿਰੋਧ ਹੋਇਆ, ਤਾਂ ਸੁਖਬੀਰ ਬਾਦਲ ਨੇ ਨਿੱਜੀ ਤੌਰ ‘ਤੇ ਦਖਲ ਦਿੱਤਾ, ਪ੍ਰਮੁੱਖ ਸਿੱਖ ਸੰਗਠਨਾਂ ਅਤੇ ਸੰਪਰਦਾਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਗੜਗੱਜ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ। ਇਸੇ ਤਹਿਤ ਦੁਬਾਰਾ ਤਾਜਪੋਸ਼ੀ ਸਮਾਰੋਹ ਕੀਤੇ ਜਾਣ ਦੇ ਚਰਚਾ ਵੀ ਚੱਲ ਰਹੀ ਐ
ਉਧਰ ਜਥੇਦਾਰ ਦੀ ਵਾਰ ਵਾਰ ਤਾਜਪੋਸ਼ੀ ਨੂੰ ਲੈ ਕੇ ਚੁੰਝ-ਚਰਚਾਵਾਂ ਵੀ ਸ਼ੁਰੂ ਹੋ ਗਈਆਂ ਨੇ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕਿਸੇ ਜਥੇਦਾਰ ਦੀ ਦੂਜੀ ਵਾਰ ਤਾਜਪੋਸ਼ੀ ਹੋਈ ਹੋਵੇ ਅਤੇ ਸੰਗਤ ਨੂੰ ਉਨ੍ਹਾਂ ਨੂੰ ਜਥੇਦਾਰ ਮੰਨਣ ਲਈ ਕਿਹਾ ਜਾ ਰਿਹਾ ਹੋਵੇ। ਪੰਥਕ ਹਲਕਿਆਂ ਅੰਦਰ ਇਸ ਨੂੰ ਲੈ ਕੇ ਗੁੱਸਾ ਵੀ ਪਾਇਆ ਜਾ ਰਿਹਾ ਐ। ਪੰਥਰ ਮਾਹਿਰ ਇਸ ਨੂੰ ਐਸਜੀਪੀਸੀ ਤੇ ਸਿਆਸੀ ਦਬਾਅ ਦਾ ਸਿਖਰ ਮੰਨ ਰਹੇ ਨੇ।


