
ਗੁਰਦਾਸਪੁਰ ਦੇ ਜਹਾਜ ਚੌਂਕ ਇਲਾਕੇ ਵਿਚ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਇਕ ਸਖਸ਼ ਨੇ ਆਪਣੀ ਪਤਨੀ ’ਤੇ ਸ਼ਰੇਆਮ ਚਾਕੂਆਂ ਨਾਲ ਹਮਲਾ ਕਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਦੇ ਵਿਚ ਪੈ ਜਾਣ ਕਾਰਨ ਪੀੜਤਾ ਦਾ ਬਚਾਅ ਹੋ ਗਿਆ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੀੜਤਾ ਦੇ ਦੱਸਣ ਮੁਤਾਬਕ ਉਸ ਨੇ 2009 ਵਿਚ ਪ੍ਰੇਮ ਵਿਆਹ ਕਰਵਾਇਆ ਸੀ ਪਰ ਹੁਣ ਉਸਦਾ ਪਤੀ ਲਗਾਤਾਰ ਕੁੱਟਮਾਰ ਕਰਦਾ ਆ ਰਿਹਾ ਐ ਪਰ ਪੁਲਿਸ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪੀੜਤਾ ਦੇ ਦੱਸਣ ਮੁਤਾਬਕ ਉਹ ਪਤੀ ਨਾਲ ਤਲਾਕ ਹੋਣ ਦੇ ਬਾਵਜੂਦ ਆਪਣੇ ਬੱਚੇ ਦੇ ਭਵਿੱਖ ਖਾਤਰ ਉਸ ਨਾਲ ਹੀ ਰਹਿ ਰਹੀ ਸੀ ਪਰ ਹੁਣ ਉਹ ਉਸ ਦੇ ਨਾਮ ਦੋ ਕੋਠੀਆਂ ਨੂੰ ਆਪਣੇ ਨਾਂ ਕਰਾਉਣ ਲਈ ਮਾਰ ਕੁਟਾਈ ਕਰਦਾ ਆ ਰਿਹਾ ਐ। ਪੀੜਤਾ ਨੇ ਅੱਗੇ ਕਿਹਾ ਕਿ ਉਹ ਸਮੇਂ ਸਮੇਂ ਤੇ ਸ਼ਿਕਾਇਤ ਵੀ ਪੁਲਿਸ ਨੂੰ ਕਰ ਚੁੱਕੀ ਹੈ ਪਰ ਉਸ ਦੇ ਸਹੁਰੇ ਦੇ ਥਾਣੇ ਵਿਚ ਐਸਐਚਓ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ।
ਉਸਨੇ ਦੱਸਿਆ ਕਿ ਚਾਰ ਅਕਤੂਬਰ ਨੂੰ ਵੀ ਉਸ ਦੀ ਮਾਰ ਕੁਟਾਈ ਕੀਤੀ ਗਈ ਜਿਸਦੀ ਐਮਐਲਆਰ ਕੱਟੀ ਗਈ ਸੀ ਅਤੇ ਉਸ ਦੀ ਇੱਕ ਛੋਟੀ ਜਿਹੀ ਫੁਟੇਜ ਵੀ ਉਸ ਕੋਲ ਹੈ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਉਸਦੀ ਇੰਨੀ ਹਿੰਮਤ ਵੱਧ ਗਈ ਹੈ ਕਿ ਉਸਨੇ ਮੇਰੇ ਤੇ ਸਰੇ ਬਾਜ਼ਾਰ ਚਾਕੂਆਂ ਨਾਲ ਵਾਰ ਕਰ ਦਿੱਤੇ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।


