
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਛੱਠ ਪੂਜਾ ਲਈ ਆਪਣੇ ਜੱਦੀ ਸੂਬਿਆਂ ਵੱਲ ਜਾ ਰਹੇ ਯਾਤਰੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵੱਲੋਂ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਨੇ ਅਤੇ ਯਾਤਰੂਆਂ ਦੀ ਸਹੂਲਤ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ।
ਦੱਸਣਯੋਗ ਐ ਕਿ ਬੀਤੇ ਦਿਨ ਪੰਜਾਬ ਦੇ ਰੇਲਵੇ ਸਟੇਸ਼ਨਾਂ ਅੰਦਰ ਪਰਵਾਸੀਆਂ ਦੀਆਂ ਭੀੜਾਂ ਜਮ੍ਹਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕੁੱਝ ਥਾਵਾਂ ਤੇ ਰੇਲ ਗੱਡੀਆਂ ਵਿਚ ਚੜ੍ਹਣ ਸਮੇਂ ਧੱਕਾਮੁੱਕੀ ਹੋਣ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਬਿਹਾਰ ਤੇ ਯੂਪੀ ਵੱਲ ਜਾ ਰਹੇ ਯਾਤਰੀਆਂ ਨੇ ਰੇਲਵੇ ਵੱਲੋਂ ਸਹੀ ਪ੍ਰਬੰਧ ਨਾ ਹੋਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ।
ਇਸੇ ਤਹਿਤ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਵਿਸ਼ੇਸ਼ ਰੇਲਗੱਡੀਆਂ ਦੇ ਸੰਚਾਲਨ ਅਤੇ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਵਿਸ਼ੇਸ਼ ਸੇਵਾਵਾਂ ਆਰਾਮਦਾਇਕ ਅਤੇ ਸੁਰੱਖਿਅਤ ਸਫਰ ਯਕੀਨੀ ਬਣਾਉਣ ਵੱਲ ਐ, ਇਸ ਲਈ ਯਾਤਰੀਆਂ ਦੀ ਸਹੂਲਤ ਲਈ ਹਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ।


