
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਅੰਦਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਲਾਂਟ ਦੇ ਸਟੀਮਰ ਪਲਾਂਟ ਅੰਦਰ ਹੋਏ ਭਿਆਨਕ ਧਮਾਕੇ ਵਿਚ 1 ਜਣੇ ਦੀ ਮੌਤ ਹੋ ਗਈ ਜਦਕਿ 6 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਫੈਕਟਰੀ ਇਲਾਕੇ ਵਿੱਚ ਰੈਸਕਿਊ ਟੀਮਾਂ ਅਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਪਲਾਂਟ ਦੇ ਆਸ-ਪਾਸ ਸੁਰੱਖਿਆ ਘੇਰਾ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਟੀਮਰ ਪਲਾਂਟ ਅੰਦਰ ਪ੍ਰੈਸ਼ਰ ਅਚਾਨਕ ਵਧ ਗਿਆ ਅਤੇ ਭਿਆਨਕ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇਤਨੀ ਤੇਜ਼ ਸੀ ਕਿ ਪਲਾਂਟ ਦੇ ਅੰਦਰ ਕੰਮ ਕਰ ਰਹੇ ਹੋਰ ਕਰਮਚਾਰੀ ਵੀ ਘਬਰਾਹਟ ਵਿੱਚ ਆ ਗਏ ਅਤੇ ਤੁਰੰਤ ਬਾਹਰ ਦੌੜੇ। ਫਿਲਹਾਲ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਪਲਾਂਟ ਅਧਿਕਾਰੀਆਂ ਨੇ ਇਨਕਾਰ ਕੀਤਾ ਹੈ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤਕਨੀਕੀ ਟੀਮ ਨੂੰ ਵੀ ਬਲਾਸਟ ਦੇ ਕਾਰਨ ਦੀ ਜਾਂਚ ਲਈ ਸੱਦਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਅਧਿਕਾਰਿਕ ਜਾਣਕਾਰੀ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਐ।


