
ਛੱਠ ਪੂਜਾ ਦੇ ਤਿਉਹਾਰ ਦੇ ਮੱਦੇਨਜ਼ਰ ਪਰਵਾਸੀਆਂ ਵੱਲੋਂ ਆਪਣੇ ਜੱਦੀ ਸੂਬਿਆਂ ਵੱਲ ਕੂਚ ਦੇ ਚਲਦਿਆਂ ਪੰਜਾਬ ਦੇ ਰੇਲਵੇ ਸਟੇਸ਼ਨਾਂ ਅੰਦਰ ਪਰਵਾਸੀਆਂ ਦੀ ਭੀੜ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਐ, ਜਿਸ ਦੇ ਚਲਦਿਆਂ ਰੇਲਵੇ ਵੱਲੋਂ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ। ਗੱਲ ਜੇਕਰ ਗੁਰੂ ਨਗਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਕੀਤੀ ਜਾਵੇ ਤਾਂ ਇੱਥੇ ਵੀ ਬਿਹਾਰ ਤੇ ਯੂਪੀ ਜਾਣ ਵਾਲੇ ਪਰਵਾਸੀਆਂ ਦੀ ਭੀੜ ਲੱਗੀ ਹੋਈ ਐ। ਇਹ ਛੱਠ ਪੂਜਾ ਦਾ ਤਿਉਹਾਰ ਮਨਾਉਣ ਲਈ ਆਪਣੇ ਜੱਦੀ ਸੂਬਿਆਂ ਵੱਲ ਜਾ ਰਹੇ ਨੇ। ਪਰਵਾਸੀਆਂ ਦੀ ਆਮਦ ਨੂੰ ਵੇਖਦਿਆਂ ਰੇਲਵੇ ਨੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਛੱਠ ਪੂਜਾ ਲਈ ਬਿਹਾਰ ਅਤੇ ਯੂਪੀ ਜਾਣ ਵਾਲੀਆਂ ਜ਼ਿਆਦਾਤਰ ਗੱਡੀਆਂ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ ਅਤੇ ਜਨਰਲ ਡੱਬਿਆਂ ਵਿੱਚ ਤਿਲ ਧਰਣ ਦੀ ਵੀ ਜਗ੍ਹਾ ਨਹੀਂ ਰਹੀ। ਰੇਲਵੇ ਸਟੇਸ਼ਨ ਤੇ ਖੜੇ ਯਾਤਰੀਆਂ ਦੇ ਦੱਸਣ ਮੁਤਾਬਕ ਉਹ ਟਿਕਟ ਬੁਕਿੰਗ ਲਈ ਗਏ ਸੀ ਪਰ ਉਨ੍ਹਾਂ ਨੂੰ ਬੁਕਿੰਗ ਨਹੀਂ ਮਿਲੀ, ਜਿਸ ਕਰਕੇ ਉਹਨਾਂ ਨੂੰ ਜਨਰਲ ਟਿਕਟਾਂ ਨਾਲ ਹੀ ਸਫਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਫਰ ਦੌਰਾਨ ਬੈਠਣ ਦੀ ਜਗ੍ਹਾ ਨਾ ਮਿਲਣਾ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ।
ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਵੱਲੋਂ ਕਿਹਾ ਗਿਆ ਕਿ ਛੱਠ ਪੂਜਾ ਦੌਰਾਨ ਹਫ਼ਤੇ ਦੇ ਕੁਝ ਦਿਨਾਂ ‘ਚ ਸਪੈਸ਼ਲ ਟ੍ਰੇਨ ਸੇਵਾਵਾਂ ਚਲਾਈਆਂ ਜਾਣਗੀਆਂ, ਜਿਸਦੀ ਸਮੇਂ ਸਾਰਣੀ ਜਾਰੀ ਹੋ ਚੁੱਕੀ ਹੈ।
ਇਸਦੇ ਬਾਵਜੂਦ ਪ੍ਰਵਾਸੀ ਭਾਈਚਾਰਾ ਸਰਕਾਰੀ ਪ੍ਰਬੰਧਾਂ ਤੋਂ ਨਾਰਾਜ਼ ਦਿੱਖ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਟ੍ਰੇਨਾਂ ਚਲਾਉਣ ਦੇ ਐਲਾਨ ਦੇ ਬਾਵਜੂਦ ਮੈਦਾਨੀ ਪੱਧਰ ‘ਤੇ ਕੋਈ ਸੁਵਿਧਾ ਦਿੱਖ ਨਹੀਂ ਰਹੀ। ਹੁਣ ਵੇਖਣਾ ਇਹ ਹੋਵੇਗਾ ਕਿ ਰੇਲਵੇ ਵਿਭਾਗ ਕਦੋਂ ਤੱਕ ਇਹਨਾਂ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦਾ ਹੈ।
ਫਿਰੋਜ਼ਪੁਰ ਤੋਂ ਰੇਲਵੇ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਵੱਲੋਂ ਛੱਠ ਪਰਵ ਦੇ ਮੌਕੇ ‘ਤੇ ਰੇਲ ਯਾਤਰੀਆਂ ਦੀ ਸੁਵਿਧਾ ਲਈ ਖਾਸ ਤੌਰ ‘ਤੇ 11 ਜੋੜੀਆਂ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਨਿਯਮਤ ਟ੍ਰੇਨਾਂ ਤੋਂ ਇਲਾਵਾ ਇਹ ਵਿਸ਼ੇਸ਼ ਸੇਵਾ ਤਿਉਹਾਰ ਦੇ ਦੌਰਾਨ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀ ਗਈ ਹੈ।


