ਮਾਨਸਾ ’ਚ ਕਿਸਾਨਾਂ ਨੇ ਘੇਰੇ ਸਰਕਾਰੀ ਅਧਿਕਾਰੀ; ਪਰਾਲੀ ਦਾ ਚੱਲਾਨ ਕੱਟਣ ਨੂੰ ਲੈ ਕੇ ਨਾਅਰੇਬਾਜ਼ੀ

0
25

ਮਾਨਸਾ ਦੇ ਪਿੰਡ ਭੈਣੀ ਬਾਘਾ ਵਿਖੇ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਪਰਾਲੀ ਸਾੜਣ ਦਾ ਚੱਲਾਨ ਕੱਟਣ ਆਏ ਸਰਕਾਰੀ ਅਧਿਕਾਰੀਆਂ ਦਾ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਘਿਰਾਓ ਕਰ ਦਿੱਤਾ ਗਿਆ। ਕਿਸਾਨਾਂ ਦਾ ਇਲਜਾਮ ਸੀ ਕਿ ਉਹ ਅਧਿਕਾਰੀਆਂ ਨੂੰ ਖੇਤਾਂ ਵਿਚੋਂ ਪਰਾਲੀ ਚੁਕਾਉਣ ਲਈ ਮਦਦ ਲਈ ਵਾਰ ਵਾਰ ਅਪੀਲ ਕਰ ਰਹੇ ਸੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਅਤੇ ਹੁਣ ਜਦੋਂ ਕਿਸਾਨ ਨੇ ਮਜਬੂਰੀਵੱਸ ਪਰਾਲੀ ਨੂੰ ਅੱਗ ਲਗਾਈ ਐ ਤਾਂ ਅਧਿਕਾਰੀ ਤੁਰੰਤ ਪਹੁੰਚ ਗਏ ਨੇ। ਕਿਸਾਨਾਂ ਨੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਕਾਰਵਾਈ ਨਾ ਕਰਨ ਬਾਰੇ ਲਿਖ ਕੇ ਦੇਣ ਦੀ ਮੰਗ ਕੀਤੀ।
ਦਰਅਸਲ ਪਿੰਡ ਭੈਣੀ ਬਾਘਾ ਵਿੱਚ ਦੇਰ ਸ਼ਾਮ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਅੱਗ ਤੋਂ ਬਾਅਦ ਸਰਕਾਰੀ ਅਧਿਕਾਰੀ ਕਿਸਾਨ ਦੇ ਖੇਤ ਵਿੱਚ ਪਹੁੰਚ ਗਏ ਤੇ ਕਿਸਾਨਾਂ ਜਥੇਬੰਦੀ ਨੂੰ ਪਤਾ ਚੱਲਦਿਆਂ ਹੀ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਗਿਆ। ਕਿਸਾਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਲਿਖਤੀ ਦਿੱਤਾ ਜਾਵੇ ਕਿ ਕਿਸਾਨ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਧਰ ਸਰਦੂਲਗੜ੍ਹ ਦੇ ਪਿੰਡ ਆਲੂਪੁਰ ਵਿੱਚ ਕਿਸਾਨ ਤੇ ਪਰਾਲੀ ਸਾੜਨ ਦੇ ਮਾਮਲੇ ਚੋਂ 5000 ਹਜਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਵੱਲੋਂ 10 ਤਰੀਕ ਤੋਂ ਝੋਨੇ ਦੀ ਕਟਾਈ ਕਰਕੇ ਕਰਚੇ ਵੱਢ ਦਿੱਤੇ ਗਏ ਸੀ ਅਤੇ ਉਸ ਵੱਲੋਂ ਵਾਰ ਵਾਰ ਫੋਨ ਕਰਕੇ ਵਿਭਾਗ ਦੇ ਅਧਿਕਾਰੀਆਂ ਨੂੰ ਪਰਾਲੀ ਦੀਆਂ ਗੱਠਾਂ ਬਣਾ ਕੇ ਬਾਹਰ ਕੱਢਣ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਉਸ ਦੀ ਅਪੀਲ ਤੇ ਕੋਈ ਵੀ ਗੌਰ ਨਹੀਂ ਕੀਤੀ ਗਈ ਜਿਸ ਕਾਰਨ ਮਜਬੂਰੀਬੱਸ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਈ ਸੀ, ਜਿਸ ਤੋਂ ਤੁਰੰਤ ਬਾਅਦ ਅਧਿਕਾਰੀ ਖੇਤਾਂ ਵਿੱਚ ਪਹੁੰਚ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈ ਜਾਂ ਕਿਸਾਨਾਂ ਦੀ ਕੁਦਰਤੀ ਆਫਤ ਕਾਰਨ ਫਸਲ ਬਰਬਾਦ ਹੁੰਦੀ ਹੈ ਉਦੋਂ ਸਾਈਟ ਲਾਈਟ ਤਸਵੀਰਾਂ ਨਹੀਂ ਦਿੰਦਾ ਪਰ ਜਦੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ ਤਾਂ ਤੁਰੰਤ ਅਧਿਕਾਰੀ ਪਹੁੰਚ ਜਾਂਦੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਛੋਟੇ ਕਿਸਾਨ ਤੇ ਨਾ ਪਰਚਾ ਦਰਜ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਕੋਈ ਜੁਰਮਾਨਾ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਕੋਈ ਅਧਿਕਾਰੀ ਆ ਕੇ ਉਹਨਾਂ ਨੂੰ ਲਿਖਤੀ ਭਰੋਸਾ ਨਹੀਂ ਦਿੰਦਾ ਉਦੋਂ ਤੱਕ ਅਧਿਕਾਰੀਆਂ ਦਾ ਘਿਰਾਓ ਜਾਰੀ ਰਹੇਗਾ। ਗੌਰਤਲਬ ਹੈ ਕਿ ਅੱਜ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਆਲੂਪੁਰ ਦੇ ਵਿੱਚ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਤੇ ਸਰਦੂਲਗੜ੍ਹ ਐਸਡੀਐਮ ਵੱਲੋਂ 5 ਹਜਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ।

LEAVE A REPLY

Please enter your comment!
Please enter your name here