
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮਹਿਲ ਵਿਖੇ ਜਾ ਕੇ ਦੀਵੇ ਜਲਾ ਕੇ ਉਨ੍ਹਾਂ ਨੂੰ ਸਤਿਕਾਰ ਦੇ ਭੇਂਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮਹਿਲ ਵਿਖੇ ਲਾਈਟਾਂ ਜਾਂ ਦੀਪਮਾਲਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦਕਿ ਰਾਮਬਾਗ ਸਥਿਤ ਕਲੱਬਾਂ ਤੇ ਸ਼ਰਾਬਖ਼ਾਨਿਆਂ ਵਿਖੇ ਲਾਈਟਾਂ ਤੇ ਲੜੀਆਂ ਜਲਾਈਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਇਹ ਕਾਰਗੁਜ਼ਾਰੀ ਦਰਸਾਉਂਦੀ ਹੈ ਕਿ ਪੰਜਾਬ ਸਰਕਾਰ ਸਿੱਖ ਸਰੋਕਾਰਾਂ ਤੇ ਵਿਰਾਸਤ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਐ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸਾਰਾ ਅੰਮ੍ਰਿਤਸਰ ਸ਼ਹਿਰ ਜਗਮਗਾਇਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲ ਵਿਖੇ ਘੁੱਪ ਹਨੇਰਾ ਹੈ। ਉਨ੍ਹਾਂ ਕਿਹਾ ਕਿ ਇਸ ਬਾਗ ਅੰਦਰ ਸ਼ਰਾਬਖਾਨਿਆਂ ਨੂੰ ਪੂਰੀ ਲਾਈਟਿੰਗ ਕੀਤੀ ਗਈ ਪਰ ਜਿਸ ਮਹਾਰਾਜਾ ਰਣਜੀਤ ਸਿੰਘ ਦਾ ਇਹ ਬਾਗ ਹੈ ਜਿਸਦਾ ਪ੍ਰਬੰਧ ਪੰਜਾਬ ਸਰਕਾਰ ਦੇ ਕੋਲ ਹੈ, ਉਨ੍ਹਾਂ ਦੇ ਮਹਿਲ ਵਾਲੇ ਹਿੱਸੇ ਵਿੱਚ ਘੁੱਪ ਹਨੇਰਾ ਹੈ, ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਇੱਥੇ ਹਾਲਾਤ ਵੇਖ ਕੇ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇਹ ਨਾ ਸਮਝਣ ਕਿ ਸਿੱਖ ਅਵੇਸਲਾ ਹੈ।
ਜਥੇਦਾਰ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਗੁਰਪੁਰਬ ਜਾਂ ਤਿਉਹਾਰ ਆਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਇਹ ਮਹਿਲ ਰੁਸ਼ਨਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਕੁਝ ਕਰਨ ਜਾਂ ਨਾ, ਪਰ ਸਿੱਖ ਆਪਣੀ ਇਸ ਵਿਰਾਸਤ ਦਾ ਅਤੇ ਇਸ ਦੀ ਸ਼ਾਨ ਦਾ ਪੂਰਾ ਧਿਆਨ ਰੱਖਣ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਖ਼ਾਸਕਰ ਅੰਮ੍ਰਿਤਸਰ ਨਿਵਾਸੀਆਂ ਨੂੰ ਆਖਿਆ ਕਿ ਅਸੀਂ ਆਪਣੀਆਂ ਵਿਰਾਸਤਾਂ ਪ੍ਰਤੀ ਜਾਗਰੂਕ ਅਤੇ ਸੁਹਿਰਦ ਹੋਈਏ ਅਤੇ ਇਸ ਤਰ੍ਹਾਂ ਅਣਗੌਲਿਆ ਨਾ ਕਰੀਏ। ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਤ ਤੋਂ ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਨਵਦੀਪ ਸਿੰਘ, ਗੁਰਸਿਮਰਨ ਸਿੰਘ, ਸ਼ਹਿਬਾਜ਼ ਸਿੰਘ, ਕੰਵਲਜੀਤ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਬਲਦੇਵ ਸਿੰਘ ਨਿੱਜੀ ਸਹਾਇਕ, ਜਸਕਰਨ ਸਿੰਘ ਆਦਿ ਹਾਜ਼ਰ ਸਨ।


