
ਫਿਰੋਜ਼ਪੁਰ ਦੇ ਪਿੰਡ ਕੜਮਾ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਘਰ ਅੰਦਰ ਅਚਾਨਕ ਵੱਡਾ ਧਮਾਕਾ ਹੋ ਗਿਆ ਐ। ਧਮਾਕਾ ਐਨਾ ਜ਼ਬਰਦਸਤ ਸੀ ਕਿ ਇਸ ਨਾਲ ਦੋ ਘਰਾਂ ਦੀਆਂ ਛੱਤਾਂ ਢਹਿ-ਢੇਰੀ ਹੋ ਗਈਆਂ। ਪੁਲਿਸ ਦੇ ਦੱਸਣ ਮੁਤਾਬਕ ਧਮਾਕਾ ਘਰ ਅੰਦਰ ਰੱਖੀ ਪੌਟਾਸ ਕਾਰਨ ਵਾਪਰਿਆ ਐ। ਹਾਦਸੇ ਵਿਚ ਇੱਕ ਪਤੀ-ਪਤਨੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਨੇ ਘਰ ਵਿੱਚ ਪੋਟਾਸ਼ ਸਟੋਰ ਕੀਤਾ ਹੋਇਆ ਸੀ, ਜਿਸ ਕਾਰਨ ਧਮਾਕਾ ਹੋਇਆ। ਪਤੀ-ਪਤਨੀ ਜ਼ਖਮੀ ਹੋ ਗਏ। ਧਮਾਕੇ ਨਾਲ ਘਰ ਦੀਆਂ ਦੋ ਛੱਤਾਂ ਡਿੱਗ ਗਈਆਂ, ਅਤੇ ਗੁਆਂਢੀ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।
ਉਨ੍ਹਾਂ ਕਿਹਾ ਕਿ ਘਰ ਵਿੱਚ ਜਮ੍ਹਾਂ ਕਰਕੇ ਪੋਟਾਸ਼ ਵਰਗੀ ਧਮਾਕਾਖ਼ੇਜ਼ ਸਮੱਗਰੀ ਨੂੰ ਰੱਖਣਾ ਗੈਰ-ਕਾਨੂੰਨੀ ਹੈ। ਫਿਲਹਾਲ ਇਸ ਧਮਾਕੇ ਵਿੱਚ ਜੋ ਪਤੀ-ਪਤਨੀ ਜ਼ਖ਼ਮੀ ਹੋਏ ਹਨ ਉਨ੍ਹਾਂ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪੁੱਛਗਿੱਛ ਮਗਰੋਂ ਮਾਮਲਾ ਪੂਰੀ ਤਰ੍ਹਾਂ ਸਾਫ ਹੋ ਸਕੇਗਾ। ਡਾਕਟਰ ਦਾ ਕਹਿਣਾ ਹੈ ਕਿ ਧਮਾਕੇ ਦੌਰਾਨ ਜ਼ਖ਼ਮੀ ਹੋਏ ਪਤੀ-ਪਤਨੀ ਖਤਰੇ ਤੋਂ ਬਾਹਰ ਹਨ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ ਸੀ। ਪੁਲਿਸ ਨੇ ਜਾਂਚ ਤੋਂ ਬਾਦ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਐ।


