
ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ 12 ਪਿੰਡਾਂ ਦਾ ਜੀਵਨ ਮੁੜ ਪੱਟੜੀ ਤੇ ਲਿਆਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸੇ ਲੜੀ ਦੇ ਵਜੋਂ ਸੰਸਥਾ ਨੇ ਫਿਰੋਜ਼ਪੁਰ ਦੇ ਅੱਠ ਪਿੰਡਾਂ ਦੇ 370 ਵਿਦਿਆਰਥੀਆਂ ਦੇ ਲਈ 47,40,163 ਲੱਖ ਰੁਪਏ ਫੀਸ ਵਜੋਂ ਵੰਡਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਆਗੂਆਂ ਨੇ ਕਿਹਾ ਕਿ ਸੰਸਥਾ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਤਕਰੀਬਨ 500 ਵਿਦਿਆਰਥੀਆਂ ਦੀ ਪੜ੍ਹਾਈ ਲਈ ਅਗਲੇ ਸਾਲ ਤੱਕ ਸਹਾਇਤਾ ਰਾਸ਼ੀ ਵੰਡਣ ਦੀ ਮੁਹਿੰਮ ਅਰੰਭੀ ਹੈ ਜੋ 31 ਮਾਰਚ, 2026 ਤੱਕ ਜਾਰੀ ਰਹੇਗੀ।
ਐਜੂਕੇਟ ਪੰਜਾਬ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਪਿੰਡਾਂ ਦੀ ਸੇਵਾ ਅਤੇ ਮੁੜ-ਵਸੇਬੇ ਦੌਰਾਨ ਕਈ ਵੱਡੀਆਂ ਔਕੜਾਂ ਦਾ ਦਰਪੇਸ਼ ਰਹੀਆਂ, ਪਰ ਪਰਮਾਤਮਾ ਦੀ ਮਿਹਰ ਕਰਕੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ, ਲੋਕਾਂ ਦੇ ਸਹਿਯੋਗ ਨਾਲ ਮਿਸ਼ਨ ਨੂੰ ਬੜੀ ਹੀ ਤਨਦੇਹੀ ਦੇ ਨਾਲ ਨੇਪਰੇ ਚਾੜ੍ਹਿਆ ਹੈ ਅਤੇ ਭਵਿੱਖ ਵਿੱਚ ਵੀ ਉਹ ਲੋਕ-ਭਲਾਈ ਦੇ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰਦੇ ਰਹਿਣਗੇ।


