ਮੁੱਖ ਮੰਤਰੀ ਮਾਨ ਨੇ ਹੜ੍ਹ ਪੀੜਤਾਂ ਨੂੰ ਵੰਡੇ ਚੈੱਕ; ਅਜਨਾਲਾ ਤੋਂ ਕੀਤੀ ਸ਼ੁਰੂਆਤ

0
82

ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ 20 ਹਜ਼ਾਰ ਪ੍ਰਤੀ ਕਿਲਾ ਮੁਆਵਜਾ ਰਾਸ਼ੀ ਦੇ ਚੈੱਕ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਐ। ਇਸੇ ਤਹਿਤ ਮੁੱਖ ਮੰਤਰੀ ਮਾਨ ਅੱਜ ਅੰਮ੍ਰਿਤਸਰ ਦੇ ਹਲਕਾ ਅਚਨਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਉਹਨਾਂ ਕਿਹਾ ਕਿ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੇ ਘਰ, ਪਸ਼ੂ, ਖੇਤਾਂ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਕਿ ਬਾਕੀ ਰਹਿ ਗਏ ਕਾਗਜ਼ੀ ਕਾਰਜ ਨੂੰ ਤੇਜ਼ੀ ਨਾਲ ਨਿਪਟਾ ਕੇ ਯੋਗ ਮਾਲਕਾਂ ਨੂੰ ਜਲਦੀ ਤੋਂ ਜਲਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਉਧਰ ਸਰਕਾਰ ਦੇ ਮੁਆਵਜਾ ਵੰਡਣ ਦੀ ਸ਼ੁਰੂਆਤ ਤੋਂ ਲੋਕਾਂ ਅੰਦਰ ਖੁਸ਼ੀ ਪਾਈ ਜਾ ਰਹੀ ਐ। ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਮਿਲ ਰਹੀ ਸਹਾਇਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਉਨ੍ਹਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕਈ ਲੋਕਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹੜ੍ਹ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ ਪਰ ਅੱਜ ਮਿਲੀ ਸਹਾਇਤਾ ਨਾਲ ਉਹ ਆਪਣੇ ਪਰਿਵਾਰਾਂ ਨੂੰ ਖੜ੍ਹਾ ਕਰ ਸਕਣਗੇ।
ਅਕਾਲੀਆਂ ਅਤੇ ਕਾਂਗਰਸੀ ਨੇਤਾਵਾਂ ‘ਤੇ ਹਮਲਾ ਬੋਲਦਿਆਂ ਸੀਐਮ ਮਾਨ ਨੇ ਕਿਹਾ ਕਿ ਪਿਛਲੀ ਸਰਕਾਰਾਂ ਸਿਰਫ਼ ਫਾਈਲਾਂ ‘ਚ ਰਾਹਤ ਵੰਡਦੀਆਂ ਸਨ, ਅਸੀਂ ਅਸਲ ਵਿੱਚ ਘਰ-ਘਰ ਚੈੱਕ ਪਹੁੰਚਾ ਰਹੇ ਹਾਂ। ਉਹਨਾਂ ਕਿਹਾ ਕਿ ਇਹ ਮੁਆਵਜ਼ਾ ਰਾਜਨੀਤੀ ਤੋਂ ਉਪਰ ਉੱਠ ਕੇ ਵੰਡਿਆ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਸਥਾਨਕ ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਇਹ ਸਹਾਇਤਾ ਮੁਸ਼ਕਲ ਸਮੇਂ ਵਿੱਚ ਵੱਡੀ ਹਿੰਮਤ ਬਣੀ ਹੈ।
ਉਨ੍ਹਾਂ ਕਿਹਾ ਕਿ 11 ਸਤੰਬਰ ਨੂੰ ਵਾਅਦਾ ਕੀਤਾ ਸੀ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਅੱਜ ਸਿਰਫ਼ 32 ਦਿਨਾਂ ਵਿੱਚ ਹੀ ਗੁਰੂਆਂ ਦੀ ਧਰਤੀ ਤੋਂ ਮੁਆਵਜ਼ਾ ਚੈਕ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਹਿਲੀ ਵਾਰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਰੂਪ ਵਿੱਚ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜੋ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹੜ੍ਹਾਂ ਅਤੇ ਹਨੇਰੀਆਂ ਦੇ ਦੌਰਾਨ ਕੇਵਲ 25 ਤੋਂ 37 ਰੁਪਏ ਦੇ ਚੈਕ ਆਉਂਦੇ ਸਨ, ਅਤੇ ਜਿਨ੍ਹਾਂ ਨੂੰ ਨੁਕਸਾਨ ਹੁੰਦਾ ਸੀ ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ ਸੀ, ਜਦਕਿ ਜਿਨ੍ਹਾਂ ਨੂੰ ਨੁਕਸਾਨ ਨਹੀਂ ਹੁੰਦਾ ਸੀ, ਉਨ੍ਹਾਂ ਦੇ ਪੈਸੇ ਆ ਜਾਂਦੇ ਸਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ। ਸਰਕਾਰਾਂ ਇਕੱਲੀਆਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਜੇ ਇਹ ਕਹਿਰ ਕਿਸੇ ਹੋਰ ਸੂਬੇ ‘ਚ ਆਇਆ ਹੁੰਦਾ, ਤਾਂ ਸ਼ਾਇਦ ਸਾਲ ਲੱਗ ਜਾਂਦੇ, ਪਰ ਇਹ ਸ਼ਹੀਦਾਂ ਅਤੇ ਗੁਰੂਆਂ ਦੀ ਧਰਤੀ ਹੈ, ਸਾਨੂੰ ਵਰਦਾਨ ਹੈ ਇਸ ਲਈ ਅਸੀਂ ਜਲਦੀ ਖੜ੍ਹੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸੰਕਟ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ 170 ਲੱਖ ਮੈਟਰਿਕ ਟਨ ਝੋਨਾ ਦੇਸ਼ ਨੂੰ ਦੇਣਗੇ ਅਤੇ ਹੁਣ ਕਣਕ ਦੀ ਫਸਲ ਵੀ ਤਿਆਰ ਹੈ ।
ਹੜਾਂ ਕਾਰਨ ਨੁਕਸਾਨ ਦਾ ਬਿਊਰਾ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਸੂਬੇ ‘ਚ ਵੱਡਾ ਨੁਕਸਾਨ ਹੋਇਆ ਹੈ, ਜਿਸ ‘ਚ 32 ਹਜ਼ਾਰ ਸਰਕਾਰੀ ਸਕੂਲ ਮਲਵੇ ‘ਚ ਤਬਦੀਲ ਹੋਏ, 25 ਸੌ ਦੇ ਕਰੀਬ ਛੋਟੇ-ਵੱਡੇ ਪੁਲ ਰੁੜ ਗਏ, ਕਾਲਜ ਅਤੇ ਹਸਪਤਾਲ ਪ੍ਰਭਾਵਿਤ ਹੋਏ, 60 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, 5 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ਼ ਅਜਨਾਲਾ ਵਿੱਚ ਹੀ 3 ਕਰੋੜ 84 ਲੱਖ ਰੁਪਏ ਘਰਾਂ ਦੇ ਮੁਆਵਜ਼ੇ ਵਜੋਂ, 1 ਕਰੋੜ 16 ਲੱਖ ਰੁਪਏ ਫਸਲਾਂ ਲਈ, ਅਤੇ 73 ਲੱਖ ਰੁਪਏ ਜਾਨਵਰਾਂ ਲਈ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਮੁਆਵਜ਼ਾ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਉਹ ਖੁਦ ਦੁਬਾਰਾ ਪਿੰਡਾਂ ਦਾ ਦੌਰਾ ਕਰਨਗੇ, ਜੇਕਰ ਕੋਈ ਪਿੰਡ ਬਾਕੀ ਰਹਿ ਗਿਆ ਹੋਵੇ, ਤਾਂ ਉਥੇ ਵੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ, ਕੋਈ ਅਹਿਸਾਨ ਨਹੀਂ ਐ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਤੇ ਸਮਾਨ ਹੜ੍ਹ ਵਿੱਚ ਨਸ਼ਟ ਹੋ ਗਿਆ ਐ ਉਨ੍ਹਾਂ ਨੂੰ ਨਵਾਂ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here