ਪੰਜਾਬ ਅੰਮ੍ਰਿਤਸਰ ’ਚ ਬੱਸ ਨੇ ਦਰੜੇ ਦੋ ਨੌਜਵਾਨ; ਮੌਕੇ ’ਤੇ ਹੀ ਹੋਈ ਮੌਤ, ਪੁਲਿਸ ਕਰ ਰਹੀ ਜਾਂਚ By admin - October 13, 2025 0 16 Facebook Twitter Pinterest WhatsApp ਅੰਮ੍ਰਿਤਸਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਗਈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਮਜੀਠਾ ਵੱਲ ਜਾ ਰਹੇ ਸੀ ਕਿ ਪਿੰਡ ਨਾਗ ਨਵੇ ਦੇ ਬੱਸ ਅੱਡੇ ਨੇੜੇ ਤੇਜ਼ ਰਫਤਾਰ ਮਿੰਨੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਕੁਮਾਰ ਪੁੱਤਰ ਲਲਨ ਰਾਮ ਅਤੇ ਅਭੀ ਕੁਮਾਰ ਪੁੱਤਰ ਗੁਰਮੀਤ ਸਿੰਘ ਮੀਤਾ, ਵਾਸੀ ਇੰਦਰਾ ਕਲੋਨੀ ਵੇਰਕਾ ਵਜੋਂ ਹੋਈ ਐ। ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਘਟਨਾ ਵੇਲੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਮਜੀਠਾ ਵੱਲ ਜਾ ਰਹੇ ਸਨ। ਜਦ ਉਹ ਪਿੰਡ ਨਾਗ ਨਵੇ ਦੇ ਬੱਸ ਅੱਡੇ ਕੋਲ ਪੁੱਜੇ ਤਾਂ ਪਿਛੋਂ ਆ ਰਹੀ ਤੇਜ਼ ਰਫਤਾਰ ਮਿੰਨੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਦੇ ਝਟਕੇ ਨਾਲ ਦੋਵੇਂ ਨੌਜਵਾਨ ਸੜਕ ‘ਤੇ ਕਈ ਫੁੱਟ ਦੂਰ ਘਸੀਟ ਗਏ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਜੀਠਾ ਥਾਣੇ ਦੀ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਣ ਉੱਪਰ ਉਹ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ। ਇਸ ਦੌਰਾਨ ਖਰਾਬ ਹੋਈ ਮੋਟਰਸਾਈਕਲ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚੇ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਘਰ ਦੇ ਇਕਲੌਤੇ ਸਹਾਰੇ ਸਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਲਈ ਨਿਕਲੇ ਸਨ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਿੰਨੀ ਬੱਸ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਡਰਾਈਵਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਦੁਰਘਟਨਾ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁੱਖਦਾਈ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਪ੍ਰਣਾਲੀ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰਾਹ ‘ਤੇ ਸਪੀਡ ਬ੍ਰੇਕਰ ਅਤੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁੱਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।