
ਫਾਜ਼ਿਲਕਾ ਦੇ ਸ਼੍ਰੋਮਣੀ ਭਗਤ ਨਾਮਦੇਵ ਗੁਰਦੁਆਰਾ ਸਾਹਿਬ ਵਿਖੇ ਹਾਲਾਤ ਉਸ ਵੇਲੇ ਤਣਾਅ-ਵਾਲੇ ਬਣ ਗਏ ਜਦੋਂ ਇੱਥੇ ਦੋ ਧਿਰਾਂ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਇਕ ਧਿਰ ਵੱਲੋਂ ਤਲਵਾਰਾਂ ਦੀ ਵੀ ਵਰਤੋਂ ਕੀਤੀ ਗਈ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਏ। ਘਟਨਾ ਵਿਚ ਕਈ ਲੋਕ ਜ਼ਖ਼ਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲਾ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਦਾ ਦੱਸਿਆ ਜਾ ਰਿਹਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਗੁਰਦੁਆਰਾ ਸਾਹਿਬ ਵਿਚ ਪਹੁੰਚੇ ਰਣਜੀਤ ਸਿੰਘ ਜੱਸਲ ਨੇ ਦੱਸਿਆ ਕਿ ਉਹ ਗੁਰੂ ਘਰ ਵਿਚ ਮੱਥਾ ਟੇਕਣ ਲਈ ਆਏ ਸਨ। ਇੰਨੇ ਨੂੰ ਕੁਝ ਸ਼ਰਾਰਤੀ ਅਨਸਰ ਅੰਦਰ ਆ ਕੇ ਬਹਿ ਗਏ, ਜਿਨ੍ਹਾਂ ਨੂੰ ਬਾਹਰ ਆ ਕੇ ਗੱਲ ਕਰਨ ਲਈ ਕਿਹਾ ਤਾਂ ਬਾਹਰ ਆਉਂਦਿਆਂ ਹੀ ਉਨਹਾਂ ਨੇ ਤਲਵਾਰਾਂ ਨਾਲ ਹਮਲਾ ਬੋਲ ਦਿੱਤਾ।
ਉਨ੍ਹਾਂ ਕਿਹਾ ਕਿ ਉਕਤ ਲੋਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਤੇ ਹੋਰ ਅਹੁਦੇ ਹਾਸਲ ਕਰਨਾ ਚਾਹੁੰਦੇ ਹਨ, ਜਿਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ-ਤਿੰਨ ਲੋਕਾਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।


