ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਚੋਣ ਪ੍ਰਚਾਰ ਸ਼ੁਰੂ; ਅਕਾਲ ਤਖਤ ਸਾਹਿਬ ਵਿਖੇ ਕੀਤੀ ਆਰੰਭਤਾ ਦੀ ਅਰਦਾਸ

0
44

ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਨੇ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਭਾਈ ਮੰਦੀਪ ਸਿੰਘ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਪਾਰਟੀ ਵਰਕਰ ਮੌਜੂਦ ਸਨ। ਅਰਦਾਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕਰ ਲਈ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਮੋਰਚਾ ਪਹਿਲਾਂ ਹੀ ਫਤਿਹ ਹੈ।
ਉਹਨਾਂ ਕਿਹਾ ਕਿ ਸੰਗਤਾਂ ਵਿੱਚ ਬਹੁਤ ਵੱਡਾ ਉਤਸਾਹ ਹੈ ਕਿਉਂਕਿ ਲੋਕ ਦੂਜੀਆਂ ਧਿਰਾਂ ਤੋਂ ਤੰਗ ਆ ਚੁੱਕੇ ਹਨ। ਪੰਜਾਬ ਦੇ ਹਾਲਾਤ ਬਹੁਤ ਬਦਤਰ ਹੋ ਗਏ ਹਨ ਤੇ ਹਰ ਵਰਗ ਦੇ ਲੋਕ ਵਾਰਿਸ ਪੰਜਾਬ ਨਾਲ ਜੁੜ ਰਹੇ ਹਨ। ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਹੁਣ ਪੂਰਾ ਪੰਥ ਇਕੱਠਾ ਹੋ ਗਿਆ ਹੈ ਅਤੇ ਜੋ ਕੁਝ “ਮਖੌਟੇ ਵਾਲੇ” ਹਨ, ਉਹਨਾਂ ਨੂੰ ਇਹ ਸੋਚਣਾ ਪਵੇਗਾ ਕਿ ਪੰਥ ਦੇ ਨਾਲ ਜਾਣਾ ਹੈ ਜਾਂ ਉਸ ਨੂੰ ਛੱਡਣਾ ਹੈ।
ਇਸ ਮੌਕੇ ਤਰਨਤਾਰਨ ਤੋਂ ਉਮੀਦਵਾਰ ਭਾਈ ਮੰਦੀਪ ਸਿੰਘ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਨਸ਼ੇ ਦਾ ਮਾਮਲਾ, ਕਿਸਾਨੀ ਦੇ ਮੁੱਦੇ ਅਤੇ ਪੰਜਾਬ ਦੀ ਆਰਥਿਕ ਹਾਲਤ ‘ਤੇ ਲੋਕਾਂ ਕੋਲ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਇਨ੍ਹਾਂ ਅਹਿਮ ਮਸਲਿਆਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਰਹੀਆਂ ਹਨ।
ਭਾਈ ਮੰਦੀਪ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਧੱਕੇਸ਼ਾਹੀ ਦੇਖ ਕੇ ਸੰਗਤਾਂ ਦੁੱਖੀ ਹਨ। ਉਹਨਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਨਾ ਸਿਰਫ਼ ਪਰਿਵਾਰ ਨੂੰ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ, ਬਲਕਿ ਅਦਾਲਤ ਦੇ ਹੁਕਮਾਂ ਨੂੰ ਵੀ ਅਣਡਿੱਠਾ ਕੀਤਾ ਗਿਆ। ਇਸ ਦੇ ਖ਼ਿਲਾਫ਼ ਪਰਿਵਾਰ ਨੂੰ ਧਰਨਾ ਦੇਣਾ ਪਿਆ, ਜਿਸ ਤੋਂ ਬਾਅਦ ਹੀ ਮੁਲਾਕਾਤ ਦੀ ਆਗਿਆ ਮਿਲੀ। ਉਹਨਾਂ ਕਿਹਾ ਕਿ ਸੰਦੀਪ ਸਿੰਘ ਨਾਲ ਜੇਲ ਵਿੱਚ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਜ਼ੋਰ ਦਿੱਤਾ ਕਿ “ਸਾਨੂੰ ਰਾਜਨੀਤੀ ਦਾ ਸ਼ੌਂਕ ਨਹੀਂ, ਪਰ ਜਦੋਂ ਜ਼ੁਲਮ ਵੱਧਦਾ ਹੈ ਤਾਂ ਅਵਾਜ਼ ਉਠਾਉਣੀ ਪੈਂਦੀ ਹੈ।” ਸੰਗਤਾਂ ਦੀ ਮੰਗ ‘ਤੇ ਪਰਿਵਾਰ ਨੇ ਚੋਣ ਮੈਦਾਨ ‘ਚ ਉਤਰਣ ਦਾ ਫ਼ੈਸਲਾ ਕੀਤਾ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਤਰਨਤਾਰਨ ਦੀ ਇਹ ਚੋਣ ਸਿਰਫ਼ ਸਿਆਸੀ ਨਹੀਂ, ਸਿਧਾਂਤਕ ਲੜਾਈ ਹੈ। ਉਹਨਾਂ ਵਿਸ਼ਵਾਸ ਜਤਾਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਰਿਸ ਪੰਜਾਬ ਨੂੰ ਇਤਿਹਾਸਕ ਜਿੱਤ ਮਿਲੇਗੀ ਅਤੇ ਇਹ ਚੋਣ ਪੰਜਾਬ ਦੇ ਹੱਕ ਵਿੱਚ ਨਵੀਂ ਸ਼ੁਰੂਆਤ ਸਾਬਤ ਹੋਵੇਗੀ।

LEAVE A REPLY

Please enter your comment!
Please enter your name here