
ਜਲੰਧਰ ਪੁਲਿਸ ਨੇ ਤਿਉਹਾਰਾਂ ਦੇ ਚਲਦਿਆਂ ਚੌਕਸੀ ਵਧਾ ਦਿੱਤੀ ਐ। ਖਾਸ ਕਰ ਕੇ ਰੇਲਵੇ ਸਟੇਸ਼ਨ ਤੇ ਹੋਰ ਅਹਿਮ ਥਾਵਾਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਐ। ਇਸੇ ਤਹਿਤ ਜੀਆਰਪੀ ਪੁਲਿਸ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਨੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂਜੀਆਰਪੀ ਦੇ ਪੁਲਿਸ ਸੁਪਰਡੈਂਟ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰਖਦਿਆਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਐ ਤਾਂ ਜੋ ਕੋਈ ਸ਼ਰਾਰਤੀ ਅਨਸਰ ਹਥਿਆਰ ਜਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਅੰਮ੍ਰਿਤਸਰ ਵਿੱਚ ਇੱਕ ਚੈਕਿੰਗ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਅੱਜ ਜਲੰਧਰ ਰੇਲਵੇ ਸਟੇਸ਼ਨ ‘ਤੇ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੈਕਿੰਗ ਦਾ ਉਦੇਸ਼ ਰੇਲਗੱਡੀਆਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2025 ਤੋਂ 30 ਸਤੰਬਰ ਦੇ ਵਿਚਕਾਰ, 300 ਗ੍ਰਾਮ ਹੈਰੋਇਨ, 48 ਕਿਲੋ ਅਫੀਮ, 177 ਕਿਲੋ ਭੁੱਕੀ, 48 ਕਿਲੋ ਭੰਗ, ਲਗਭਗ 38,000 ਨਸ਼ੀਲੀਆਂ ਗੋਲੀਆਂ, 930 ਗ੍ਰਾਮ ਹਸ਼ੀਸ਼, 20 ਗੈਰ-ਕਾਨੂੰਨੀ ਪਿਸਤੌਲ ਅਤੇ ਸਪਰਿੰਗ ਚਾਕੂ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਰੇਲਗੱਡੀ ‘ਤੇ ਆਰਪੀਐਫ ਦੇ ਜਵਾਨ ਤਾਇਨਾਤ ਹਨ। ਅੱਜ ਯਾਤਰੀਆਂ ਦੇ ਬੈਗਾਂ ਦੀ ਵੀ ਤਲਾਸ਼ੀ ਲਈ ਗਈ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਰਾਤ ਨੂੰ ਵੀ ਲਗਾਤਾਰ ਜਾਂਚ ਕਰ ਰਹੀ ਹੈ।


