ਨਹੀਂ ਰਹੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ; ਮੋਹਾਲੀ ਦੇ ਹਸਪਤਾਲ ’ਚ ਲਿਆ ਆਖਰੀ ਸਾਹ; ਕਈ ਦਿਨਾਂ ਤੋਂ ਲੜ ਰਹੇ ਸੀ ਜੀਵਨ-ਮੌਤ ਦੀ ਲੜਾਈ

0
55

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਨੇ ਮੋਹਾਲੀ ਦੀ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ।  ਉਹ ਪਿਛਲੇ ਕਈ ਦਿਨਾਂ ਤੋਂ ਜੀਵਨ-ਮੌਤ ਦੀ ਲੜਾਈ ਲੜ ਰਹੇ ਸੀ। ਭਾਵੇਂ ਲੱਖਾਂ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਜੋ ਪੂਰੀਆਂ ਨਹੀਂ ਹੋ ਸਕੀਆਂ ਅਤੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਗਏ ਨੇ। ਰਾਜਵੀਰ ਜਵੰਦਾ ਦੇ ਚਲਾਣੇ ਨਾਲ ਪੰਜਾਬੀ ਮਿਊਜ਼ਕ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਐ। ਵੱਡੀ ਗਿਣਤੀ ਲੋਕਾਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਐ।
ਦੱਸਣਯੋਗ ਐ ਕਿ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਗੰਭੀਰ ਸੜਕ ਹਾਦਸਾ ਹੋਇਆ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਬਾਈਕਰ ਦੋਸਤਾਂ ਨਾਲ ਸਫ਼ਰ ਕਰ ਰਹੇ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਖ਼ਾਸ ਕਰਕੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ। ਹਾਲਤ ਬਹੁਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਪਰ ਆਖ਼ਿਰਕਾਰ ਉਨ੍ਹਾਂ ਨੇ ਅੱਜ ਜ਼ਿੰਦਗੀ ਦੀ ਜੰਗ ਹਾਰ ਦਿੱਤੀ।
ਡਾਕਟਰਾਂ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੇ ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਬਚੀ ਅਤੇ ਉਹ ‘ਆਰਗਨ ਫੇਲਿਅਰ’ ਦੇ ਖ਼ਤਰੇ ਵਿੱਚ ਸਨ। ਹਾਲਾਂਕਿ ਚਾਹੁਣ ਵਾਲੇ ਲਗਾਤਾਰ ਉਨ੍ਹਾਂ ਦੀ ਜ਼ਿੰਦਗੀ ਲਈ ਦੁਆਵਾਂ ਕਰ ਰਹੇ ਸਨ, ਪਰ ਹੁਣ ਉਹ ਦੁਆਵਾਂ ਫਿੱਕੀਆਂ ਪੈ ਗਈਆਂ। ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਜਗਤ, ਫੈਨਜ਼ ਅਤੇ ਸਹਿਯੋਗੀਆਂ ਵਿੱਚ ਸੋਗ ਦੀ ਲਹਿਰ ਹੈ। ਗਾਇਕਾਂ, ਅਦਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਰਾਜਵੀਰ ਜਵੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ “ਮੁੱਛਾਂ ਆਲੇ” ਗੀਤ ਨਾਲ ਕੀਤੀ ਸੀ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਮਸ਼ਹੂਰੀ ਦਿਵਾਈ। ਇਸ ਤੋਂ ਬਾਅਦ “ਜੰਮੇ ਨਾਲ ਦੇ”, “ਗੱਭਰੂ”, “ਸੂਰਮਾ”, ਅਤੇ “ਕੰਧਾਂ ਵਾਲੇ” ਵਰਗੇ ਹਿੱਟ ਗੀਤਾਂ ਨੇ ਉਨ੍ਹਾਂ ਨੂੰ ਪੰਜਾਬੀ ਸੰਗੀਤ ਇੰਡਸਟਰੀ ਦਾ ਚਹੀਤਾ ਗਾਇਕ ਬਣਾ ਦਿੱਤਾ। ਉਨ੍ਹਾਂ ਦੀ ਆਵਾਜ਼, ਸਾਦਗੀ ਅਤੇ ਮਿੱਠੇ ਸੁਭਾਅ ਕਰਕੇ ਉਹ ਨੌਜਵਾਨਾਂ ਦੇ ਦਿਲਾਂ ‘ਚ ਖਾਸ ਥਾਂ ਬਣਾਉਣ ਵਿੱਚ ਸਫ਼ਲ ਰਹੇ। ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਆਪਣਾ ਇਕ ਹੋਰ ਉਭਰਦਾ ਹੀਰਾ ਗੁਆ ਲਿਆ ਐ।

LEAVE A REPLY

Please enter your comment!
Please enter your name here