ਫਿਰੋਜ਼ਪੁਰ ਪੁਲਿਸ ਦਾ ਮੈਡੀਕਲ ਨਸ਼ਿਆਂ ਖਿਲਾਫ ਐਕਸ਼ਨ; ਮੈਡੀਕਲ ਸਟੋਰਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ; 4 ਨੂੰ ਕੀਤਾ ਸੀਲ

0
53

ਬੀਤੇ ਦਿਨ ਨਸ਼ਿਆਂ ਕਾਰਨ 4 ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਹਰਕਤ ਵਿਚ ਆਈ ਫਿਰੋਜਪੁਰ ਪੁਲਿਸ ਨੇ ਜਿਲ੍ਹੇ ਅੰਦਰ ਵੱਖ ਵੱਖ ਥਾਵਾਂ ਤੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਨੇ। ਪੁਲਿਸ ਨੇ 6 ਸਟੋਰਾਂ ਤੇ ਛਾਪੇਮਾਰੀ ਕੀਤੀ, ਜਿਨ੍ਹਾਂ ਵਿਚੋਂ 4 ਨੂੰ ਸੀਲ ਕਰ ਦਿੱਤਾ ਐ। ਪੁਲਿਸ ਨੇ 9 ਲੱਖ ਕੀਮਤ ਦੀਆਂ ਦਵਾਈਆਂ ਬਰਾਮਦ ਕੀਤੀਆਂ ਨੇ। ਦੱਸ ਦਈਏ ਕਿ ਪਿੰਡ ਲੱਖੋਕੇ ਬਹਿਰਾਮ ਦੀ ਘਟਨਾ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਨੇ ਇਕ ਟੀਮ ਦਾ ਗਠਨ ਕੀਤਾ ਸੀ, ਜਿਸ ਨੇ ਸਟੋਰਾਂ ਖਿਲਾਫ ਕਾਰਵਾਈ ਕੀਤੀ ਐ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਂਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ, ਇਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ, ਕਾਰਜਕਾਰੀ ਮੈਜਿਸਟਰੇਟ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ ਜਿਨ੍ਹਾਂ ਵੱਲੋਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਉਪਰੰਤ ਇਕ ਰਿਪੋਰਟ ਸਬਮਿਟ ਕੀਤੀ ਗਈ।
ਇਸ ਵਿਚ ਪਾਇਆ ਗਿਆ ਕਿ ਮਰਨ ਵਾਲੇ ਤਿੰਨ ਨੌਜਵਾਨਾਂ ਦੀ ਸਥਿਤੀ ਨਸ਼ੇ ਕਾਰਨ ਪਹਿਲਾਂ ਤੋਂ ਹੀ ਖ਼ਰਾਬ ਸੀ ਅਤੇ ਇਨ੍ਹਾਂ ਵਿਚੋਂ ਇਕ ਨੌਜਵਾਨ ਨੂੰ ਪਿੱਠ ’ਤੇ ਅਲਸਰ ਦੀ ਬਿਮਾਰੀ ਸੀ ਅਤੇ ਇਹ ਸਾਰੇ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹਿਲਾਂ ਤੋਂ ਕਈ ਵਾਰ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦੇ ਜਾਂਦੇ ਰਹੇ ਸਨ। ਚੌਥਾ ਨੌਜਵਾਨ ਜੋ ਕਿ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੱਡਣ ਦੀ ਗੋਲ਼ੀ ਲੈ ਆਇਆ ਸੀ ਜਿਸ ਨੂੰ ਇੰਜੈਕਸ਼ਨ ਦੇ ਰੂਪ ਵਿੱਚ ਲੈਣ ਉਪਰੰਤ ਉਸ ਦੀ ਮੌਤ ਹੋ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਉਪਰੰਤ ਲੱਖੋ ਕੇ ਬਹਿਰਾਮ ਵਿਖੇ 5 ਮੈਡੀਕਲ ਸਟੋਰਾਂ ਦੀ ਜਾਂਚ ਕਰਨ ਦੇ ਲਈ ਇਕ ਹੋਰ ਟੀਮ ਦਾ ਗਠਨ ਕੀਤਾ ਗਿਆ. ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕੁੱਲ 6 ਮੈਡੀਕਲ ਸਟੋਰਾਂ ਉਤੇ ਛਾਪੇਮਾਰੀ ਕਰ ਕੇ 4 ਮੈਡੀਕਲ ਸਟੋਰਾਂ ਨੂੰ ਖਾਮੀਆਂ ਸਾਹਮਣੇ ਆਉਣ ਬਾਅਦ ਸੀਲ ਕਰ ਦਿੱਤਾ ਗਿਆ ਐ।
ਇਸ ਤੋਂ ਇਲਾਵਾ ਬੀਤੇ ਦਿਨੀਂ ਖੁਰਾਨਾ ਮੈਡੀਕਲ ਏਜੰਸੀ, ਮੁਲਤਾਨੀ ਗੇਟ, ਫਿਰੋਜ਼ਪੁਰ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਫ਼ਰਮ ਵੱਲੋਂ 35,200 ਟਾਪੈਂਟਾਡੋਲ ਦੀਆਂ ਗੋਲੀਆਂ ਅਤੇ 4,400 ਪ੍ਰੈਗਾਬਾਲਿਨ ਦੀਆਂ ਕੈਪਸੂਲਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 9,00,000 (ਨੌਂ ਲੱਖ ਰੁਪਏ) ਬਣਦੀ ਹੈ। ਫ਼ਰਮ ਨੂੰ ਟਾਪੈਂਟਾਡੋਲ ਦਾ ਸਟਾਕ ਰੱਖਣ ਦੀ ਆਗਿਆ ਨਹੀਂ ਸੀ ਅਤੇ ਜਨਤਕ ਸਿਹਤ ਦੇ ਹਿੱਤ ਵਿੱਚ ਇਸ ਚੌਥੀ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਤ ਤਹਿਤ 1 ਜਨਵਰੀ 2025 ਤੋਂ ਹੁਣ ਤੱਕ 207 ਇੰਸਪੈਕਸ਼ਨਾਂ ਕੀਤੀਆਂ ਗਈਆਂ ਜਿਸ ਦੌਰਾਨ 1.32 ਕਰੋੜ ਦੇ ਮੁੱਲ ਦੀਆਂ ਪ੍ਰਤੀਬੰਧਤ ਦਵਾਈਆਂ ਜਬਤ ਕੀਤੀਆਂ ਗਈਆਂ ਅਤੇ 12 ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕੀਤੇ ਗਏ ਤੇ 65 ਲਾਇਸੰਸ ਸਸਪੈਂਡ ਕੀਤੇ ਗਏ। ਨੌਜਵਾਨਾਂ ਨੂੰ ਨਸ਼ੇ ਦੇ ਜਾਲ ਵਿੱਚੋਂ ਕੱਢਣ ਦੇ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਓ.ਪੀ.ਡੀ. ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੇ ਵਿੱਚ ਮੈਡੀਕਲ ਸਟੋਰਾਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਅਤੇ ਪ੍ਰਤੀਬੰਧਤ ਦਵਾਈਆਂ ਮਿਲਣ ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

LEAVE A REPLY

Please enter your comment!
Please enter your name here