ਪੰਜਾਬ ਸੁਨਾਮ ਵਾਸੀਆਂ ਨੂੰ ਮੰਤਰੀ ਅਮਨ ਅਰੋੜਾ ਦਾ ਤੋਹਫਾ; ਵਾਟਰ ਸਪਲਾਈ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ; 15.22 ਕਰੋੜ ਦੀ ਲਾਗਤ ਨਾਲ ਹੋਏਗਾ ਤਿਆਰ By admin - October 3, 2025 0 67 Facebook Twitter Pinterest WhatsApp ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਸ਼ਹਿਰ ਮੌਕੇ ਸੁਨਾਮ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਐ। ਉਨ੍ਹਾਂ ਨੇ 15.22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸੀਤਾਸਰ ਰੋਡ ਸੁਨਾਮ ‘ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਟਿਊਬਵੈੱਲ, 2 ਲੱਖ ਲੀਟਰ ਸਮਰੱਥਾ ਵਾਲੀ ਟੈਂਕੀ ਅਤੇ 33,635 ਮੀਟਰ ਲੰਮੀ ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਤਹਿਤ 1472 ਨਵੇਂ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਪ੍ਰੋਜੈਕਟ ਇੱਕ ਸਾਲ ਅੰਦਰ ਪੂਰਾ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਲੋਕਾਂ ਦੀ ਲੰਮੇ ਸਮੇਂ ਦੀ ਮੰਗ ਪੂਰੀ ਹੋ ਜਾਵੇਗੀ। ਵੱਖ-ਵੱਖ ਇਲਾਕਿਆਂ ਵਿੱਚ ਕਨੈਕਸ਼ਨ ਦਿੱਤੇ ਜਾਣਗੇ, ਜਿਵੇਂ ਕਿ ਟਿੱਬੀ ਬਸਤੀ ਨੂੰ 250, ਪ੍ਰੀਤ ਨਗਰ ਵਿਖੇ 200, ਜਗਤਪੁਰਾ ਰੋਡ ਵਿਚ 150, ਮਾਨਸਾ ਰੋਡ ’ਚ 100, ਸਾਈ ਕਲੋਨੀ ਵਿਖੇ 100, ਗੁਜਾ ਪੀਰ ਵਿਖੇ 100 ਕਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਨੇੜੇ ਅਤੇ ਹੋਰ ਛੋਟੇ ਇਲਾਕਿਆਂ ਵਿੱਚ ਵੀ 100 ਕੁਨੈਕਸ਼ਨ ਜੋੜੇ ਜਾਣਗੇ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਕੰਮ ਦੀ ਗੁਣਵੱਤਾ ਉੱਤੇ ਕੋਈ ਸਮਝੌਤਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸੁਨਾਮ ਵਿੱਚ ਹੁਣ ਤੱਕ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਕਈ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਤੇ ਬਾਕੀ ਜੰਗੀ ਪੱਧਰ ‘ਤੇ ਜਾਰੀ ਹਨ। ਉਹਨਾਂ ਦੱਸਿਆ ਕਿ ਇਹ ਜਲ ਸਪਲਾਈ ਪ੍ਰੋਜੈਕਟ ਸੁਨਾਮ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਸੀ ਜੋ ਹੁਣ ਪੂਰੀ ਹੋ ਰਹੀ ਹੈ। ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਦੀ ਨਿਗਰਾਨੀ ਆਪ ਕਰਨ ਤੇ ਕੋਈ ਗਲਤੀ ਹੋਣ ‘ਤੇ ਤੁਰੰਤ ਧਿਆਨ ਵਿੱਚ ਲਿਆਂਦੇ ਜਾਣ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਕਈਆਂ ਦਾ ਹੱਲ ਮੌਕੇ ‘ਤੇ ਹੀ ਕੀਤਾ। ਸਮਾਗਮ ਵਿੱਚ ਐੱਸ.ਡੀ.ਐਮ. ਪ੍ਰਮੋਦ ਸਿੰਗਲਾ, ਡੀ.ਐੱਸ.ਪੀ. ਜਸਵਿੰਦਰ ਸਿੰਘ ਖਹਿਰਾ, ਜਲ ਸਪਲਾਈ ਬੋਰਡ ਦੇ ਅਧਿਕਾਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।