ਬਰਨਾਲਾ ’ਚ ਸਿਹਤ ਵਿਭਾਗ ਦਾ ਦੁਕਾਨਾਂ ’ਤੇ ਛਾਪਾ; ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਲਏ ਸੈਂਪਲ

0
2

ਤਿਉਹਾਰਾਂ ਦੇ ਮੱਦੇਨਜਰ ਸਿਹਤ ਵਿਭਾਗ ਨੇ ਮਿਲਾਵਟਖੋਰਾਂ ਖਿਲਾਫ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਐ। ਇਸ ਤਹਿਤ ਬਰਨਾਲਾ ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਰੰਡਿਆਇਆ ਰੋਡ ’ਤੇ ਸਥਿਤ ਡੇਅਰੀ ਉਤਪਾਦਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਅਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਨਮੂਨੇ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਨਿਯਮਤ ਜਾਂਚ ਕਰ ਰਹੇ ਹਨ ਅਤੇ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਦੁਕਾਨਾਂ ਤੋਂ ਨਮੂਨੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਮੂਨੇ ਲੈਬਰਟਰੀ ਜਾਂਚ ਲਈ ਭੇਜੇ ਜਾ ਰਹੇ ਨੇ, ਜਿਨ੍ਹਾਂ ਦੀ ਰਿਪੋਰਟ ਆਉਣ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਧਨੌਲਾ ਵਿੱਚ ਇੱਕ ਮਸ਼ਹੂਰ ਦੁੱਧ ਅਤੇ ਦੁੱਧ ਉਤਪਾਦਾਂ ਦੀ ਦੁਕਾਨ ਤੋਂ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਇਹ ਦੁਕਾਨ ਚੰਡੀਗੜ੍ਹ ਅਤੇ ਹੋਰ ਕਈ ਸ਼ਹਿਰਾਂ ਨੂੰ ਆਪਣਾ ਸਾਮਾਨ ਸਪਲਾਈ ਕਰਦੀ ਹੈ। ਸ਼ੱਕੀ ਹਾਲਾਤਾਂ ਵਿੱਚ ਇਸ ਦੁਕਾਨ ਤੋਂ ਪਨੀਰ ਅਤੇ ਰਿਫਾਇੰਡ ਤੇਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮੌਕੇ ‘ਤੇ ਬਰਾਮਦ ਪਨੀਰ ਅਤੇ ਰਿਫਾਇੰਡ ਤੇਲ ਨੂੰ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਸਤੂਆਂ ਦੇ ਨਮੂਨੇ ਹੋਰ ਜਾਂਚ ਲਈ ਭੇਜੇ ਜਾ ਰਹੇ ਹਨ, ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਇਹ ਕਾਰਵਾਈ ਸ਼ੱਕ ਦੇ ਆਧਾਰ ‘ਤੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਰਿਫਾਇੰਡ ਤੇਲ ਦੇ ਸੱਤ ਖਾਲੀ ਡੱਬੇ, 15 ਲੀਟਰ ਰਿਫਾਇੰਡ ਤੇਲ ਨਾਲ ਭਰਿਆ ਇੱਕ ਟੀਨ ਅਤੇ 50 ਕਿਲੋ ਪਨੀਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਨੀਰ ਵਿੱਚ ਤੇਲ ਮਿਲਾਵਟ ਹੋ ਸਕਦੀ ਹੈ, ਜਿਸ ਦਾ ਪਤਾ ਲੈਬ ਰਿਪੋਰਟ ਤੋਂ ਬਾਅਦ ਹੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨ ਦੇ ਫੂਡ ਸੇਫਟੀ ਲਾਇਸੈਂਸ ਦੀ ਵੀ ਜਾਂਚ ਕੀਤੀ ਗਈ ਸੀ, ਜੋ ਕਿ ਨਿਯਮਾਂ ਦੇ ਅਨੁਸਾਰ ਸੀ। ਉਨ੍ਹਾਂ ਅੱਗੇ ਕਿਹਾ ਕਿ ਦੁਕਾਨ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਇੰਨੀ ਵੱਡੀ ਮਾਤਰਾ ਵਿੱਚ ਰਿਫਾਇੰਡ ਤੇਲ ਸਟੋਰ ਨਹੀਂ ਕਰ ਸਕਦੇ, ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਸਿਹਤ ਵਿਭਾਗ ਦੁਕਾਨਦਾਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਕੋਈ ਵੀ ਮਿਲਾਵਟੀ ਜਾਂ ਰੰਗੀਨ ਮਠਿਆਈ ਨਾ ਬਣਾਉਣ। ਜਨਤਕ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਸਸਤੀਆਂ ਮਠਿਆਈਆਂ ਦੇ ਲਾਲਚ ਵਿੱਚ ਆ ਕੇ ਨਕਲੀ ਮਠਿਆਈਆਂ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ।

 

LEAVE A REPLY

Please enter your comment!
Please enter your name here