ਮੰਤਰੀ ਹਰਪਾਲ ਚੀਮਾ ਦਾ ਕਾਂਗਰਸ ’ਤੇ ਹਮਲਾ; ਬਾਜਵਾ ਦੇ ਫੰਡ ਵਾਲੇ ਬਿਆਨ ’ਤੇ ਚੁੱਕੇ ਸਵਾਲ; ਭਾਜਪਾ ਦੀ ਬੀ ਟੀਮ ਵਾਂਗ ਵਿਚਰਨ ਦੇ ਇਲਜ਼ਾਮ

0
2

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਪਾਰਟੀ ’ਤੇ ਵੱਡਾ ਸ਼ਬਦੀ ਹਮਲਾ ਬੋਲਿਆ ਐ। ਪ੍ਰਤਾਪ ਬਾਜਵਾ ਦੇ ਵਿਧਾਨ ਸਭਾ ਅੰਦਰ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਐ ਪਰ ਵਿਰੋਧੀ ਧਿਰ ਦੇ ਨੇਤਾ ਲੋਕਾਂ ਨੂੰ ਫੰਡ ਨਾ ਦੇਣ ਦੀ ਅਪੀਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਆਪਣੇ ਦਹਾਕਿਆਂ ਤਕ ਦੇ ਰਾਜ ਦੌਰਾਨ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਸੀ ਪਰ ਹੁਣ ਇਸ ਦਾ ਸਾਰਾ ਦੋਸ਼ ਸਾਡੀ ਤਿੰਨ ਸਾਲ ਪੁਰਾਣੀ ਸਰਕਾਰ ਸਿਰ ਮੜ ਰਹੇ ਨੇ।
ਉਨ੍ਹਾਂ ਕਾਂਗਰਸ ਤੇ ਭਾਜਪਾ ਦੀ ਬੀ ਟੀਮ ਵਾਂਗ ਵਿਚਰਨ ਦੇ ਇਲਜਾਮ ਵੀ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਤਰਾਸਦੀ ਨਾਲ ਜੂਝ ਰਿਹਾ ਐ ਪਰ ਰਵਾਇਤੀ ਪਾਰਟੀਆਂ ਲਾਸ਼ਾਂ ֜ਤੇ ਰਾਜਨੀਤੀ ਕਰਨ ਦੇ ਰਾਹ ਪਈਆਂ ਹੋਈਆਂ ਨੇ। ਹਰਪਾਲ ਚੀਮਾ ਨੇ ਕਿਹਾ ਕਿ ਇਸ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਅਤੇ ਇਸ ਦੌਰਾਨ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਸਿਰਫ ਫੋਟੋਸ਼ੂਟ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਗਏ। ਕਾਂਗਰਸ ਹਮੇਸ਼ਾ ਦੀ ਲੋਕਾਂ ਦੀਆਂ ਲਾਸ਼ਾਂ ‘ਤੇ ਸਿਆਸਤ ਕਰਦੀ ਹੈ ਅਤੇ ਇਹੋ ਸਭ ਬੀਤੇ ਦਿਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ‘ਰੰਗਲਾ ਪੰਜਾਬ’ ਫੰਡ ਬਣਾਇਆ, ਜਿਸ ‘ਚ ਦੇਸ਼ਾਂ-ਵਿਦੇਸ਼ਾਂ ‘ਚ ਵੱਸਦੇ ਲੋਕਾਂ ਨੇ ਯੋਗਦਾਨ ਪਾਇਆ ਪਰ ਬੀਤੇ ਦਿਨ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਪੰਜਾਬ ਨੂੰ ਹੜ੍ਹਾਂ ਲਈ ਫੰਡ ਨਾ ਦਿੱਤਾ ਜਾਵੇ ਅਤੇ ਹੜ੍ਹ ਪੀੜਤਾਂ ਦੀ ਮਦਦ ਨਾ ਕੀਤੀ ਜਾਵੇ। ਇੱਥੋਂ ਕਾਂਗਰਸ ਪਾਰਟੀ ਦੀ ਮਾਨਸਿਕਤਾ ਨੰਗੀ ਹੁੰਦੀ ਹੈ ਕਿ ਪੰਜਾਬ ਨੂੰ ਕਾਂਗਰਸ ਪਾਰਟੀ ਕਿੰਨੀ ਨਫ਼ਰਤ ਕਰਦੀ ਹੈ। ਇਕ ਪਾਸੇ ਮੁੱਖ ਮੰਤਰੀ ਮਾਨ ਦਾ ਸੁਫ਼ਨਾ ਹੈ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣਾ ਹੈ ਪਰ ਦੂਜੇ ਪਾਸੇ ਕਾਂਗਰਸੀ ਪਾਰਟੀ ਕਹਿ ਰਹੀ ਹੈ ਕਿ ‘ਕੰਗਲਾ’ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਆਰਥਿਕਤਾ ਨੂੰ ਕਾਂਗਰਸ ਨੇ ਤੋੜਿਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਸਿਰਫ 3 ਸਾਲ ਹੋਏ ਹਨ ਅਤੇ ਅਸੀਂ ਪੰਜਾਬ ਦੀ ਚੜ੍ਹਦੀ ਕਲਾ ਲਈ ਜ਼ੋਰ ਲਾ ਰਹੇ ਹਾਂ।

LEAVE A REPLY

Please enter your comment!
Please enter your name here