ਜਲੰਧਰ ਅਧੀਨ ਆਉਂਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਇਕ ਮੈਂਬਰ ਨੂੰ ਮੁਕਾਬਲੇ ਤੋਂ ਬਾਦ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਸ ਦੇ ਕਬਜੇ ਵਿਚੋਂ ਇੱਕ ਦੇਸੀ ਪਿਸਤੌਲ, ਇਕ ਜ਼ਿੰਦਾ ਰੌਂਦ ਅਤੇ ਇਕ ਖੋਲ ਬਰਾਮਦ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਇਸ ਗਰੋਹ ਦੇ ਮੈਂਬਰਾਂ ਨੇ ਬੀਤੀ 23 ਸਤੰਬਰ ਨੂੰ ਪੂਨੀਆ ਵਿਖੇ ਸਥਿਤ ਕੈਂਪ ਅੰਦਰ ਆਰਾਮ ਕਰ ਰਹੇ ਕਾਮਿਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ 12 ਹਜ਼ਾਰ ਰੁਪਏ ਨਕਦੀ ਦੀ ਲੁੱਟ ਕੀਤੀ ਸੀ। ਪੁਲਿਸ ਨੇ ਘਟਨਾ ਵਿਚ ਸ਼ਾਮਲ ਲੁਟੇਰਿਆਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਇਕ ਸਾਥੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਐ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 23.09.2025 ਨੂੰ ਸਮਾਂ ਕਰੀਬ 11:00 ਵਜੇ ਰਾਤ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਕੈਂਪਰ ਗੱਡੀ ‘ਤੇ ਹੋਰ ਚਾਰ ਨਾਮਾਲੂਮ ਨੌਜਵਾਨਾਂ ਨੇ ਇੱਕ ਰਾਈਫਲ, ਪਿਸਤੌਲ, ਦਾਤਰ, ਚਾਕੂ ਆਦਿ ਹਥਿਆਰਾਂ ਦੀ ਨੋਕ ‘ਤੇ ਨਿਰਮਾਨ ਅਧੀਨ ਜਾਮ ਨਗਰ, ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈੱਸ ਵੇਅ ਦੇ ਪੂਨੀਆਂ ਵਿਖੇ ਸਥਿਤ ਕੈਂਪ ‘ਤੇ ਰਾਤ ਸਮੇਂ ਆਰਾਮ ਕਰ ਰਹੇ ਵਰਕਰਾਂ ਨੂੰ ਡਰਾ-ਧਮਕਾ ਕੇ ਉਹਨਾਂ ਦੇ ਮੋਬਾਈਲ ਫੋਨ ਅਤੇ 12 ਹਜ਼ਾਰ ਰੁਪਏ ਖੋਹ ਲਏ। ਇਸ ਲੁੱਟ-ਖੋਹ ਦਾ ਵਿਰੋਧ ਕਰਨ ਸਮੇਂ ਰਾਈਫਲ ਵਾਲੇ ਵਿਅਕਤੀ ਨੇ ਐਕਸਪ੍ਰੈੱਸ ਵੇਅ ਵਿੱਚ ਅਰਥ ਵਰਕ ਦਾ ਕੰਮ ਕਰ ਰਹੀ ਸਹਾਰਨ ਕੰਸਟਰਕਸ਼ਨ ਕੰਪਨੀ ਦੇ ਸੁਪਰਵਾਈਜ਼ਰ ਓਮ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਝਾਤੇਲੀ ਥਾਣਾ ਸੁਰਪਾਲੀਆ ਜ਼ਿਲ੍ਹਾ ਨਾਗੋਰ ਰਾਜਸਥਾਨ ਹਾਲ ਵਾਸੀ ਮੰਡ ਪੂਨੀਆਂ ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਰਾਈਫਲ ਨਾਲ ਫਾਇਰ ਮਾਰਿਆ, ਫਾਇਰ ਸੜਕ ‘ਤੇ ਲੱਗਾ ਅਤੇ ਉਹ ਵਿਰੋਧ ਕਰਦਾ ਰਿਹਾ ਤਾਂ ਦੂਸਰਾ ਫਾਇਰ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਕੀਤਾ ਤਾਂ ਫਾਇਰ ਓਮ ਸਿੰਘ ਦੇ ਖੱਬੇ ਪਾਸੇ ਮੱਥੇ ‘ਤੇ ਲੱਗਾ ਤਾਂ ਓਮ ਸਿੰਘ ਹੇਠਾਂ ਡਿੱਗ ਗਿਆ। ਉਨ੍ਹਾਂ ਡਿੱਗੇ ਪਏ ਦੇ ਸਿਰ ਵਿੱਚ ਰਾਈਫਲ ਦੇ ਬੱਟ ਮਾਰੇ ਤੇ ਦੂਸਰੇ ਨੌਜਵਾਨਾਂ ਨੇ ਵੀ ਆਪਣੇ ਹਥਿਆਰਾਂ ਨਾਲ ਸੱਟਾਂ ਮਾਰੀਆਂ।
ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਰਾਈਫਲ ਵਾਲੇ ਦਾ ਨਾਮ ਸੰਦੀਪ ਸਿੰਘ ਉਰਫ ਸਿੱਪੀ ਪੁੱਤਰ ਕਰਨੈਲ ਸਿੰਘ ਵਾਸੀ ਤਲਵੰਡੀ ਨੌਅਬਾਦ ਜ਼ਿਲ੍ਹਾ ਲੁਧਿਆਣਾ, ਪਿਸਤੌਲ ਵਾਲੇ ਨੌਜਵਾਨ ਦਾ ਨਾਮ ਜ਼ੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ, ਦੂਸਰੇ ਪਿਸਤੌਲ ਵਾਲੇ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਮੰਗਲ ਸਿੰਘ ਵਾਸੀ ਮਿਆਣੀ ਥਾਣਾ ਲੋਹੀਆਂ, ਚਾਕੂ ਵਾਲੇ ਵਿਅਕਤੀ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਖੀ ਪੁੱਤਰ ਹਰਮੇਸ਼ ਸਿੰਘ ਵਾਸੀ ਚੱਕ ਪਿੱਪਲੀ ਥਾਣਾ ਲੋਹੀਆਂ ਅਤੇ ਦਾਤਰ ਵਾਲੇ ਦਾ ਨਾਮ ਮੋਟਾ ਹੈ ਜਿਸ ‘ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ASI ਅੰਗਰੇਜ਼ ਸਿੰਘ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ।
ਜੋ ਅੱਜ ਇਸ ਮੁਕੱਦਮੇ ਦੇ ਦੋਸ਼ੀ ਜ਼ੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਬਾਰੇ ਖੁਫੀਆ ਤੌਰ ‘ਤੇ ਇਤਲਾਹ ਮਿਲੀ ਕਿ ਇਹ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਜਾਫਰਵਾਲ, ਕੋਹਾੜ ਕਲਾਂ ਦੇ ਏਰੀਆ ਵਿੱਚ ਘੁੰਮ ਰਿਹਾ ਹੈ, ਜਿਸ ‘ਤੇ ਉਸ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਵੱਲੋਂ ਕੋਹਾੜ ਕਲਾਂ ਦੇ ਏਰੀਆ ਵਿੱਚ ਸਰਚ ਮੁਹਿੰਮ ਸ਼ੁਰੂ ਕੀਤੀ ਤਾਂ ਪਿੰਡ ਜਾਫਰਵਾਲ ਦੇ ਨਜ਼ਦੀਕ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ‘ਤੇ ਆ ਰਿਹਾ ਸੀ ਜਿਸ ਨੇ ਸਾਹਮਣੇ ਪੁਲਸ ਪਾਰਟੀ ਦੀ ਗੱਡੀ ਦੇਖ ਕੇ ਆਪਣਾ ਮੋਟਰਸਾਈਕਲ ਲਿੰਕ ਰੋਡ ਰਾਹੀਂ ਪਿੰਡ ਕੋਹਾੜ ਕਲਾਂ ਵੱਲ ਨੂੰ ਭਜਾ ਲਿਆ। ਪੁਲਸ ਪਾਰਟੀ ਵੱਲੋ ਇਸ ਦਾ ਪਿੱਛਾ ਕੀਤਾ ਗਿਆ ਤਾਂ ਇਸ ਨੇ ਨਜ਼ਦੀਕ ਦਾਣਾ ਮੰਡੀ ਕੋਹਾੜ ਕਲਾਂ ਪੁੱਜ ਕੇ ਪੁਲਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ਤੇ ਪੁਲਸ ਪਾਰਟੀ ਉਪਰ ਆਪਣੇ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਤਾਂ ਜਵਾਬੀ ਕਾਰਵਾਈ ਵਿੱਚ ਪੁਲਸ ਪਾਰਟੀ ਵੱਲੋਂ ਵੀ ਆਪਣੇ ਬਚਾਓ ਲਈ ਫਾਇਰ ਕੀਤਾ ਗਿਆ, ਜੋ ਇਸ ਨੌਜਵਾਨ ਦੀ ਲੱਤ ਵਿੱਚ ਲੱਗਾ ਜਿਸ ਨਾਲ ਇਹ ਮੋਟਰਸਾਈਕਲ ਤੋਂ ਡਿੱਗ ਪਿਆ ਜਿਸ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੌਲ ਦੇਸੀ .32 ਬੋਰ ਅਤੇ 1 ਜ਼ਿੰਦਾ ਰੌਂਦ, 1 ਖੋਲ ਬਰਾਮਦ ਹੋਇਆ। ਮੁਲਜ਼ਮ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜਿਆ ਗਿਆ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 215 ਮਿਤੀ 24-9-2025 ਜੁਰਮ 109,311,351 ਬੀਐੱਨਐੱਸ, 25/27-54-59 ਆਰਮਜ਼ ਐਕਟ ਤਹਿਤ ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਿਖੇ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।